ਰੂਪਨਗਰ : ਰੂਪਨਗਰ ਜੇਲ੍ਹ ਵਿੱਚ ਕੈਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਲ੍ਹ ਵਿੱਚ ਤਿੰਨ ਪੱਧਰੀ ਸੁਰੱਖਿਆ ਬਾਵਜੂਦ ਮੋਬਾਈਲ ਬਰਾਮਦ ਹੋਣਾ ਜੇਲ੍ਹ ਪ੍ਰਬੰਧਾਂ ਉਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਉਕਤ ਜੇਲ੍ਹ ਵਿਚੋਂ ਇਕ ਵਾਰ ਫਿਰ ਹਵਾਲਾਤੀਆਂ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ।
ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਹੋਈ ਬਰਾਮਦਗੀ : ਜਾਣਕਾਰੀ ਅਨੁਸਾਰ ਰੂਪਨਗਰ ਜੇਲ੍ਹ ਵਿਚ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ 1 ਮੋਬਾਈਲ ਫੋਨ ਬਰਾਮਦ ਹੋਇਆ। ਮੁਲਾਜ਼ਮਾਂ ਵੱਲੋਂ ਜਦੋਂ ਬੈਰਕ ਨੰਬਰ ਇੱਕ ਦੀ ਤਲਾਸ਼ੀ ਲਈ ਗਈ ਤਾਂ ਉਸ ਬੈਰਕ ਵਿੱਚ ਮੌਜੂਦ ਅਜੇ ਕੁਮਾਰ ਉਰਫ ਤੋਤਾ, ਰਜਿੰਦਰ ਕੁਮਾਰ ਪੁੱਤਰ ਮੱਖਣ ਲਾਲ, ਹਵਾਲਾਤੀ ਉਪੇਂਦਰ ਕੁਮਾਰ ਕੋਲੋਂ ਇਕ ਮੋਬਾਈਲ ਬਰਾਮਦ ਹੋਇਆ। ਉਕਤਮ ਮੁਲਜ਼ਮਾਂ ਖਿਲਾਫ ਸਹਾਇਕ ਸੁਪਰਡੈਂਟ ਜੇਲ੍ਹ ਰਣਜੀਤ ਸਿੰਘ ਦੇ ਬਿਆਨ ਉਤੇ ਮੁਕੱਦਮਾ ਸਿਟੀ ਥਾਣਾ ਰੂਪਨਗਰ ਵਿੱਚ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪ੍ਰਿਜ਼ਨਰ ਐਕਟ ਧਾਰਾ 52 ਹੇਠਾਂ ਦਰਜ ਕੀਤਾ ਗਿਆ ਹੈ।
ਜੇਲ੍ਹ ਦੀਆਂ ਬਾਹਰੀ ਕੰਧਾਂ ਦੇ ਨਜ਼ਦੀਕ ਖੜ੍ਹ ਕੇ ਮੁਲਜ਼ਮ ਅੰਦਰ ਸੁੱਟਦੇ ਨੇ ਸਾਮਾਨ : ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੇਲ੍ਹ ਦੇ ਅੰਦਰ ਮੋਬਾਇਲ ਪਹੁੰਚਾਉਣ ਦੇ ਲਈ ਹੁਣ ਇਕ ਨਵਾਂ ਤਰੀਕਾ ਸ਼ਰਾਰਤੀ ਅਨਸਰਾਂ ਵੱਲੋਂ ਅਪਣਾ ਲਿਆ ਗਿਆ ਹੈ। ਇਸ ਵਿਚ ਸ਼ਾਤਰ ਮੁਲਜ਼ਮ ਜੇਲ੍ਹ ਬਾਹਰ ਦੀਵਾਰ ਦੇ ਨਜ਼ਦੀਕ ਖੜ੍ਹਕੇ ਜੇਲ੍ਹ ਦੇ ਅੰਦਰ ਮੋਬਾਈਲ ਸੁੱਟਿਆ ਜਾਂਦਾ ਹੈ। ਇਸ ਤਰੀਕੇ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਵਿੱਚ ਸਾਮਾਨ ਪਹੁੰਚਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਖਰਾਬ ਹੋਈ ਫਸਲ ਦਾ ਨਹੀਂ ਮਿਲਿਆ ਮੁਆਵਜ਼ਾ, ਕਿਸਾਨਾਂ ਨੇ ਸਰਕਾਰ ਦਾ ਫੂਕਿਆ ਪੁਤਲਾ
ਕਰੜੀ ਸੁਰੱਖਿਆ ਦੇ ਬਾਵਜੂਦ ਬਰਾਮਦ ਹੋ ਰਹੇ ਮੋਬਾਈਲ : ਸਵਾਲ ਇਹ ਵੀ ਉਠਦਾ ਹੈ ਕਿ ਤਿੰਨ ਪੱਧਰੀ ਸੁਰੱਖਿਆ, ਜਿਸ ਵਿੱਚ ਜੇਲ੍ਹ ਦੇ ਬਾਹਰ ਕਰੀਬ ਅੱਠ ਫੁੱਟ ਦੀ ਦੀਵਾਰ ਅਤੇ ਉਸ ਉਤੇ ਕੰਡਿਆਲੀ ਤਾਰ ਲਗਾਈ ਗਈ ਹੈ। ਵੱਡੇ ਪੱਧਰ ਉੱਤੇ ਸੁਰੱਖਿਆ ਕਰਮੀ ਖੁਦ ਮੌਜੂਦ ਹੁੰਦੇ ਹਨ ਅਤੇ ਹਰ ਗਤੀਵਿਧੀ ਉੱਤੇ ਨਜ਼ਰ ਰੱਖਦੇ ਹਨ। ਫਿਰ ਵੀ ਸ਼ਾਤਰ ਕੈਦੀ ਕਾਰਵਾਈ ਨੂੰ ਅੰਜਾਮ ਦੇ ਜਾਂਦੇ ਹਨ। ਇੰਨਾ ਹੀ ਨਹੀਂ ਇਸ ਦੀਵਾਰ ਉੱਤੇ ਸੁਰੱਖਿਆ ਚੌਕੀ ਵੀ ਬਣਾਈ ਗਈ ਹੈ, ਜੋ ਕਿ ਕਾਫੀ ਉਚਾਈ ਉਤੇ ਹੈ ਅਤੇ ਹਰ ਚੀਜ਼ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ। ਤੀਸਰੇ ਪੜਾਅ ਦੇ ਉੱਤੇ ਕਰੀਬ 50 ਫੁੱਟ ਉੱਚੀ ਦੀਵਾਰ ਹੈ, ਜਿਸ ਉਤੇ ਕੰਡਿਆਲੀ ਤਾਰ ਲਗਾਈ ਗਈ ਹੈ ਉਸ ਉੱਤੇ ਵੀ ਇੱਕ ਸੁਰੱਖਿਆ ਚੌਕੀ ਬਣਾਈਆਂ ਗਈਆਂ ਹਨ, ਜੋ ਹਰ ਹਰਕਤ ਉੱਤੇ ਨਜ਼ਰ ਰੱਖਦੀਆਂ ਹਨ। ਕਰੜੀ ਸੁਰੱਖਿਆ ਹੋਣ ਦੇ ਬਾਵਜੂਦ ਜੇਲ੍ਹ ਦੇ ਅੰਦਰ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ, ਜੋ ਕਿ ਜੇਲ੍ਹ ਪ੍ਰਸ਼ਾਸਨ ਲਈ ਇਕ ਵੱਡਾ ਸਵਾਲ ਹੈ।