ਰੂਪਨਗਰ: ਰੋਟਰੀ ਫਾਊਂਡੇਸ਼ਨ ਦੀ ਮਦਦ ਨਾਲ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਅਤੇ ਸਿਹਤ ਸੈਂਟਰਾਂ 'ਚ ਕਰੀਬ 42 ਲੱਖ ਦੇ ਨਵੇਂ ਸਿਹਤ ਉਪਕਰਣ ਅਤੇ ਕਈ ਜ਼ਰੂਰੀ ਵਸਤਾਂ ਦਾਨ ਦਿੱਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਮੈਂਬਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਦੀਆਂ 6 ਸਿਹਤ ਸੰਸਥਾਵਾਂ ਨੂੰ ਸਿਵਲ ਸਰਜਨ ਰੂਪਨਗਰ ਦੇ ਬੈਨਰ ਰੇਠ ਇਹ ਮਦਦ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਜਿਸ ਥਾਂ ਸਰਕਾਰੀ ਸਹਿਤ ਸੈਂਟਰ ਹਨ, ਜਿਵੇਂ ਰੋਪੜ, ਆਨੰਦਪੁਰ ਸਾਹਿਬ, ਨੰਗਲ ਦੇ ਦੋ ਹਸਪਤਾਲ, ਮੋਰਿੰਡਾ ਤੇ ਚਮਕੌਰ ਸਾਹਿਬ 'ਚ ਇਹ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਪ੍ਰਭਜੋਤ ਅਨੁਸਾਰ ਸਾਰੇ ਸਾਮਾਨ ਦੀ ਕੀਮਤ ਕਰੀਬ 42 ਲੱਖ ਰੁਪਏ ਹੈ। ਜਿਸ 'ਚ 30 ਆਈਸੀਯੂ ਬੈੱਡ, 60 ਆਕਸੀਜਨ ਸਿਲੰਡਰ, 500 ਪੀਪੀਈ ਕਿੱਟਾਂ ਅਤੇ 50 ਇਨਫਰਾਰੈੱਡ ਥਰਮਾਮੀਟਰ ਅਤੇ ਕਈ ਹੋਰ ਜ਼ਰੂਰੀ ਸਮਾਨ ਸ਼ਾਮਲ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਜਿੱਥੇ ਪੂਰੇ ਭਾਰਤ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ ਉੱਥੇ ਹੀ ਸੂਬੇ 'ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜਿਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸੂਬੇ 'ਚ ਸਿਹਤ ਸੂਵਿਧਾਵਾਂ ਪ੍ਰਾਪਤ ਮਾਤਰਾ 'ਚ ਹੋਣ ਤਾਂ ਜੋ ਲੋਕਾਂ ਨੂੰ ਇਲਾਜ ਤੋਂ ਸੱਖਣਾ ਨਾ ਰਹਿਣਾ ਪਵੇ। ਇਸ ਲਈ ਰੋਟਰੀ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਇਹ ਕੰਮ ਜਿੱਥੇ ਸ਼ਲਾਘਾਯੋਗ ਹੈ ਉੱਥੇ ਹੀ ਦੂਜਿਆਂ ਲਈ ਮਿਸਾਲ ਵੀ ਹੈ ਕਿ ਹਰ ਵਿਅਤਕੀ ਆਪੋ ਆਪਣੇ ਪੱਧਰ 'ਤੇ ਕੋਰੋਨਾ ਤੋਂ ਮੁਕਤੀ ਪਾਉਣ ਲਈ ਮਦਦ ਕਰੇ ਅਤੇ ਸਰਕਾਰ ਦਾ ਸਾਥ ਦੇਵੇ।