ਰੋਪੜ: ਪੰਜਾਬ 'ਚ ਕੈਪਟਨ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਹਨ। ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਪੇਸ਼ ਕੀਤਾ ਗਿਆ। ਇਸ ਵਿੱਚ ਮੁਲਾਜ਼ਮ ਵਰਗ, ਕਿਸਾਨ, ਸਿਹਤ ਤੇ ਸਿੱਖਿਆ ਦਾ ਧਿਆਨ ਮੁੱਖ ਰੱਖਿਆ ਗਿਆ ਹੈ।
ਬਜਟ 2020-21 ਵਿੱਚ ਕੀ ਖ਼ਾਸ ਰਿਹਾ ਤੇ ਇਸ ਬਜਟ ਵਿੱਚ ਕਿੱਥੇ ਕਮੀਆਂ ਰਹੀਆਂ ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਇੰਦਰਪਾਲ ਸਿੰਘ ਚੱਡਾ ਨਾਲ ਚਰਚਾ ਕੀਤੀ। ਕੌਮੀਕ੍ਰਿਤ ਬੈਂਕ ਦੇ ਰਿਟਾਇਰਡ ਚੀਫ ਮੈਨੇਜਰ ਤੇ ਓਵਰਸੀਜ਼ ਡਾਇਰੈਕਟਰ ਇੰਦਰਪਾਲ ਸਿੰਘ ਚੱਡਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਬਜਟ ਤੋਂ ਇਹ ਹੀ ਜਾਪ ਰਿਹਾ ਹੈ ਕਿ ਸਰਕਾਰ ਥੋੜ੍ਹਾ ਨੀਂਦ ਤੋਂ ਜਾਗੀ ਹੈ।
ਚੱਡਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਕਈ ਨਵੇਂ ਪ੍ਰਾਜੈਕਟ ਵੀ ਲਿਆਂਦੇ ਗਏ ਹਨ, ਜਿਨ੍ਹਾਂ ਵਿੱਚੋਂ....
- ਰੋਪੜ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਮਾਰਗ ਬਣਾਉਣ ਦੀ ਗੱਲ ਆਖੀ ਗਈ ਹੈ।
- ਇਸ ਤੋਂ ਇਲਾਵਾ ਮੋਰਿੰਡਾ ਅਤੇ ਚਮਕੌਰ ਸਾਹਿਬ ਮਾਰਗ ਨੂੰ ਸਤਲੁਜ ਦਰਿਆ ਨਾਲ ਪੁਲ ਬਣਾ ਕੇ ਜੋੜਨ ਦੀ ਗੱਲ ਵੀ ਆਖੀ ਗਈ ਹੈ।
- ਸਰਕਾਰੀ ਮੁਲਾਜ਼ਮਾਂ ਦੀ ਰਿਟਾਇਰਮੈਂਟ ਸੀਮਾ 60 ਸਾਲ ਤੋਂ ਘਟਾ ਕੇ 58 ਸਾਲ ਕੀਤੀ ਗਈ ਹੈ।
ਇੰਦਰਪਾਲ ਸਿੰਘ ਚੱਡਾ ਨੇ ਕਿਹਾ ਕਿ ਇਸ ਨਾਲ ਬਹੁਤ ਜਲਦੀ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੇ ਅਹੁਦੇ ਖਾਲੀ ਹੋ ਜਾਣਗੇ ਪਰ ਉਨ੍ਹਾਂ ਨੂੰ ਭਰਨ ਵਾਸਤੇ ਇਸ ਬਜਟ ਵਿੱਚ ਕੋਈ ਰੋਡ ਮੈਪ ਨਹੀਂ ਦਰਸਾਇਆ ਗਿਆ। ਪੰਜਾਬ ਦੇ ਵੱਖ-ਵੱਖ ਕਾਲਜਾਂ ਇੰਸਟੀਚਿਊਟਾਂ ਹੋਰ ਵਿੱਦਿਅਕ ਅਦਾਰਿਆਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹ ਕੇ ਨਿਕਲ ਰਹੇ ਹਨ, ਪਰ ਉਨ੍ਹਾਂ ਵਾਸਤੇ ਕੋਈ ਸਰਕਾਰੀ ਨੌਕਰੀ ਜਾਂ ਉਹ ਖੁਦ ਕੋਈ ਕੰਮ ਕਰ ਸਕਣ ਇਸ ਬਾਰੇ ਸਰਕਾਰ ਨੇ ਇਸ ਬਜਟ ਵਿੱਚ ਕੋਈ ਗੱਲ ਖੁੱਲ੍ਹ ਕੇ ਸਾਹਮਣੇ ਨਹੀਂ ਰੱਖੀ।
ਪੰਜਾਬ ਦੀ ਕਿਸਾਨੀ ਜੋ ਕਰਜ਼ੇ ਦੀ ਮਾਰ ਝੱਲ ਰਹੀ ਹੈ ਤੇ ਉਹੀ ਰਵਾਇਤੀ ਫਸਲਾਂ ਦੇ ਚੱਕਰ ਵਿੱਚ ਉਲਝੀ ਹੋਈ ਹੈ। ਉਹ ਕਿਸਾਨੀ ਨੂੰ ਰਵਾਇਤੀ ਫ਼ਸਲਾਂ ਦੇ ਚੱਕਰ 'ਚੋਂ ਕੱਢਣ ਵਾਸਤੇ ਸਰਕਾਰ ਵੱਲੋਂ ਇਸ ਬਜਟ ਦੇ ਵਿੱਚ ਕੋਈ ਖਾਸ ਤਫਦੀਸ਼ ਨਹੀਂ ਦਰਸਾਈ ਗਈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਬਾਰ੍ਹਵੀਂ ਕਲਾਸ ਤੱਕ ਲੜਕੀਆਂ ਵਾਸਤੇ ਸੀ ਪਰ ਇਸ ਬਜਟ ਵਿੱਚ ਹੁਣ ਬਾਰ੍ਹਵੀਂ ਕਲਾਸ ਤੱਕ ਲੜਕੇ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਇਸ ਦਾ ਇੰਦਰਪਾਲ ਸਿੰਘ ਚੱਡਾ ਨੇ ਸਵਾਗਤ ਕੀਤਾ ਹੈ।
ਇੰਦਰਪਾਲ ਸਿੰਘ ਚੱਡਾ ਨੇ ਕਿਹਾ ਕੁੱਲ ਮਿਲਾ ਕੇ ਇਹ ਮਿਲਿਆ ਜੁਲਿਆ ਬਜਟ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਜੋ ਅੱਜ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਗਿਆ ਹੈ। ਉਹ ਬਜਟ ਨੂੰ ਆਉਣ ਵਾਲੇ ਸਾਲ ਵਿੱਚ ਸਰਕਾਰ ਕਿਸ ਤਰ੍ਹਾਂ ਲਾਗੂ ਕਰਦੀ ਹੈ, ਕਿਸ ਤਰ੍ਹਾਂ ਹਰੇਕ ਵਰਗ ਤੱਕ ਪਹੁੰਚਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।