ਰੋਪੜ: ਵਿਸ਼ਵ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦਾ ਮਨੋਰੰਜਨ ਜਗਤ 'ਤੇ ਸਭ ਤੋਂ ਵੱਧ ਅਸਰ ਪਿਆ ਹੈ। ਕੋਰੋਨਾ ਕਾਲ ਦੇ ਚੱਲਦੇ ਜਿੱਥੇ ਪਿਛਲੇ ਦਿਨੀਂ ਫ਼ਿਲਮਾਂ ਦੀ ਅਤੇ ਟੈਲੀਵਿਜ਼ਨ ਸੀਰੀਅਲਾਂ ਦੀ ਸ਼ੂਟਿੰਗ ਮੁਕੰਮਲ ਤੌਰ 'ਤੇ ਬੰਦ ਰਹੀ, ਉੱਥੇ ਹੀ ਪੰਜਾਬ ਭਰ ਵਿੱਚ ਮੌਜੂਦ ਮਨੋਰੰਜਨ ਦਾ ਘਰ ਕਹੇ ਜਾਣ ਵਾਲੇ ਸਿਨੇਮਾ ਘਰ ਵੀ ਅਜੇ ਤੱਕ ਬੰਦ ਹਨ।
ਰੋਪੜ ਵਿੱਚ ਮੌਜੂਦ ਸਭ ਤੋਂ ਪੁਰਾਣਾ ਸਿਨੇਮਾ ਘਰ ਕਲਿਆਣ ਥੀਏਟਰ ਵੀ ਅਜੇ ਤੱਕ ਬੰਦ ਹੈ। ਈਟੀਵੀ ਭਾਰਤ ਰੋਪੜ ਦੀ ਟੀਮ ਨੇ ਜਦੋਂ ਇਸ ਸਿਨੇਮਾ ਘਰ ਦਾ ਦੌਰਾ ਕੀਤਾ ਤਾਂ ਦੇਖਿਆ ਸਾਰੇ ਪਾਸੇ ਇਮਾਰਤ ਬੰਦ ਹੋਣ ਕਾਰਨ ਇਸ ਦੀ ਹਾਲਤ ਖ਼ਸਤਾ ਹੋ ਰਹੀ ਹੈ। ਉਧਰ ਇਸ ਸਿਨੇਮਾ ਘਰ ਦੇ ਮਾਲਕ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਥੀਏਟਰ ਵਿੱਚ ਸਰਕਾਰ ਦੇ ਆਦੇਸ਼ਾਂ ਦੇ ਮੁਤਾਬਕ ਸਾਰੇ ਆਧੁਨਿਕ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਇਸ ਸਿਨੇਮਾ ਘਰ ਦੇ ਵਿੱਚ ਫ਼ਿਲਮ ਦੇਖਣ ਆਏ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋ ਸਕੇ।
ਪਰ ਕੋਰੋਨਾ ਕਾਲ ਦੇ ਚੱਲਦੇ ਪਿਛਲੇ 8 ਮਹੀਨਿਆਂ ਤੋਂ ਸਿਨੇਮਾ ਘਰ ਬੰਦ ਹੋਣ ਕਾਰਨ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਸਿਨੇਮਾ ਘਰ ਵਿੱਚ ਲੱਗੀਆਂ ਮਹਿੰਗੀਆਂ ਸੀਟਾਂ ਖ਼ਰਾਬ ਹੋ ਰਹੀਆਂ ਹਨ ਜਿਸ ਨੂੰ ਡਰਾਈਕਲੀਨ ਕਰਨ ਵਾਸਤੇ ਉਸ ਨੂੰ ਖ਼ਰਚਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਸਿਨੇਮਾ ਘਰ ਦੇ ਵਿੱਚ ਲੱਗਿਆ ਪਾਵਰਕੌਮ ਦਾ ਵੱਡਾ ਬਿਜਲੀ ਦਾ ਮੀਟਰ ਉਸ ਦਾ ਵੀ ਐਵਰੇਜ ਬਿੱਲ ਕਾਫੀ ਜ਼ਿਆਦਾ ਆਉਂਦਾ ਹੈ ਅਤੇ ਚੌਕੀਦਾਰ ਨੂੰ ਵੀ ਤਨਖ਼ਾਹ ਦੇਣੀ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਸਾਡਾ ਤਾਂ ਕੋਈ ਹੋਰ ਕਾਰੋਬਾਰ ਵੀ ਨਹੀਂ ਹੈ ਤੇ ਸਰਕਾਰ ਨੇ ਸਿਨੇਮਾ ਘਰ ਵੀ ਨਹੀਂ ਖੋਲ੍ਹੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 8 ਮਹੀਨਿਆਂ ਤੋਂ ਕੋਰੋਨਾ ਕਰਕੇ ਉਹ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਹੋ ਚੁੱਕੇ ਹਨ।