ਰੂਪਨਗਰ: ਯੂਟੀ ਅਤੇ ਪੰਜਾਬ ਦੇ ਰਿਟਾਇਰ ਮੁਲਾਜ਼ਮਾਂ ਨੇ ਰੋਪੜ ਦੇ ਬੇਲਾ ਚੌਕ ਵਿੱਚ ਸੂਬਾ ਸਰਕਾਰ ਦੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਪੰਜਾਬ ਵਿੱਚ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਗੇ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਯੂਟੀ ਅਤੇ ਪੰਜਾਬ ਦੇ ਰਿਟਾਇਰ ਮੁਲਾਜ਼ਮਾਂ ਦੇ ਸਾਂਝੇ ਫਰੰਟ ਨੇ 16 ਸਤੰਬਰ ਤੋਂ 30 ਸਤੰਬਰ ਤੱਕ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਦੇ ਬਾਹਰ ਭੁੱਖ ਹੜਤਾਲ ਕੀਤੀ ਸੀ ਪਰ ਇਸ ਭੁੱਖ ਹੜਤਾਲ ਦੇ ਦੌਰਾਨ ਜ਼ਿਲ੍ਹੇ ਦਾ ਕੋਈ ਵੀ ਅਧਿਕਾਰੀ ਅਤੇ ਇਲਾਕੇ ਦਾ ਕੋਈ ਵੀ ਰਾਜਨੀਤਿਕ ਆਗੂ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਅੱਜ ਇਹ ਭੁੱਖ ਹੜਤਾਲ ਸਮਾਪਤ ਕਰਨ ਤੋਂ ਬਾਅਦ ਰੋਪੜ ਦੇ ਬੇਲਾ ਚੌਕ ਵਿੱਚ ਉਨ੍ਹਾਂ ਵੱਲੋਂ ਸੂਬਾ ਸਰਕਾਰ ਦੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੀ ਸੰਘਰਸ਼ ਕਮੇਟੀ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਹੁਣ ਪੂਰੇ ਪੰਜਾਬ ਵਿੱਚ 16 ਅਕਤੂਬਰ ਤੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਗੇ ਜੇ ਫਿਰ ਵੀ ਸਰਕਾਰ ਨੇ ਸਾਡੀ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਰੇਲਾਂ ਅਤੇ ਸੜਕਾਂ ਰੋਕਣ ਲਈ ਮਜ਼ਬੂਰ ਹੋ ਜਾਣਗੇ।
ਇਹ ਵੀ ਪੜ੍ਹੋ:ਦਾਣਾ ਮੰਡੀਆਂ 'ਚ ਝੋਨੇ ਦੀ ਆਮਦ ਹੋਈ ਸ਼ੁਰੂ, ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ