ਰੂਪਨਗਰ: ਪੂਰੇ ਦੇਸ਼ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਸਿਫ਼ਤੀ ਦੇ ਘਰ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ। ਉਥੇ ਤਖ਼ਤ ਸ੍ਰੀ ਕੇਸਗੜ ਸਾਹਿਬ ਖ਼ਾਲਸੇ ਦੀ ਜਨਮ ਭੂਮੀ ਵਿਖੇ ਵੀ ਖ਼ੂਬਸੂਰਤ ਲੜੀਆਂ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਮੁੱਚੇ ਕੰਪਲੈਕਸ ਨੂੰ ਰੁਸ਼ਨਾਇਆ ਗਿਆ ਹੈ ਅਤੇ ਸਮੁੱਚੇ ਚੌਗਿਰਦੇ ਦੇ ਵਿੱਚ ਰੂਹਾਨੀਅਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਇਸ ਮੌਕੇ 'ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਗੱਲ ਕਰਦਿਆਂ ਅੱਜ ਦੇ ਬੰਦੀ ਛੋੜ ਦਿਵਸ ਦੀਆਂ ਸਮੁੱਚੀ ਮਾਨਵਤਾ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਖੂਬਸੂਰਤ ਲਾਈਟਾਂ ਦੇ ਨਾਲ ਸਮੁੱਚਾ ਚੌਗਿਰਦਾ ਰੁਸ਼ਨਾ ਰਿਹਾ ਹੈ, ਸਾਨੂੰ ਆਪਣੇ ਅੰਦਰ ਦੇ ਵੱਕਾਰ ਨੂੰ ਤਿਆਗ ਕੇ ਗੁਰੂ ਦੇ ਲੜ ਲੱਗ ਗੁਰੂ ਦੇ ਉਪਦੇਸ਼ ਅਨੁਸਾਰ ਜ਼ਿੰਦਗੀ ਜਿਊਣੀ ਚਾਹੀਦੀ ਹੈ ਅਤੇ ਸਮੁੱਚੇ ਸਮਾਜ ਦੇ ਵਿੱਚ ਰੁਸ਼ਨਾਈ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦੇ ਸਬੰਧ ਵਿਚ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਸੰਗਤ ਦੀ ਆਮਦ 'ਤੇ ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਖੂਬਸੂਰਤ ਤਰੀਕੇ ਨਾਲ ਰੁਸ਼ਨਾਇਆ ਗਿਆ ਹੈ। ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਲਈ ਸਮੁੱਚੇ ਪ੍ਰਬੰਧ ਵੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ