ਰੋਪੜ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਸ੍ਰੀ ਰਵੀਸ਼ੰਕਰ ਵੱਲੋਂ ਗੁਰਬਾਣੀ ਅਤੇ ਹਰਿਮੰਦਰ ਸਾਹਿਬ ਦਾ ਅਪਮਾਨ ਕਰਨ ਨੂੰ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਸਿੱਖ ਸਿਧਾਂਤਾਂ ਅਤੇ ਸਿੱਖੀ ਦੀ ਰਹਿਤ ਮਰਿਆਦਾ ਤੋਂ ਅਣਜਾਣ ਹਨ ਅਤੇ ਵਾਰ-ਵਾਰ ਅਜਿਹੀਆਂ ਹਰਕਤਾਂ ਕਰਕੇ ਸਿੱਖਾਂ ਦੇ ਦਿਲ ਨੂੰ ਸੱਟ ਪਹੁੰਚਾਉਂਦੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਸਾਡੇ ਕਹਿਣ 'ਤੇ ਮੁਆਫ਼ੀ ਮੰਗਦੇ ਹਨ ਤਾਂ ਉਹ ਮੁਆਫ਼ੀ ਨਹੀਂ। ਇਹ ਸ੍ਰੀ ਸ੍ਰੀ ਰਵੀਸ਼ੰਕਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਕੀਤੀ ਗਲਤੀ ਬਦਲੇ ਮੁਆਫ਼ੀ ਮੰਗਣ।
ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਬਿਆਨ ਦੇ ਸਬੰਧ 'ਚ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖਾਂ ਲਈ ਉਨ੍ਹਾਂ ਦੀ ਪੋਸ਼ਾਕ ਅਤੇ ਨਿਸ਼ਾਨ ਸਾਹਿਬ ਸਰਵ ਉੱਚ ਹਨ। ਅਠਾਰਾਂ ਵਾਰ ਦਿੱਲੀ ਫਤਿਹ ਕਰਨ ਵਾਲੀ ਸਿੱਖ ਕੌਮ ਨੂੰ ਆਪਣੇ ਇਨ੍ਹਾਂ ਨਿਸ਼ਾਨਾਂ ਅਤੇ ਪੁਸ਼ਾਕਾਂ ਦੇ ਉੱਪਰ ਮਾਣ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਹੁਣ ਅੰਤਿਮ ਪੜਾਵਾਂ 'ਤੇ ਹੈ ਅਤੇ ਸੰਘਰਸ਼ ਵਿੱਚ ਜੁਟੇ ਕਿਸਾਨਾਂ ਦੀ ਜਿੱਤ ਲਾਜ਼ਮੀ ਹੈ। ਪਰ ਅਜਿਹੇ ਮੌਕੇ 'ਤੇ ਇਹ ਕਹਿਣਾ ਕਿ ਸਿੱਖਾਂ ਦੇ ਨਿਸ਼ਾਨ ਸਾਹਿਬ ਇੱਥੇ ਨਹੀਂ ਝੱਲਣੇ ਚਾਹੀਦੇ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਇਥੋਂ ਕੂਚ ਕਰਕੇ ਕਿਤੇ ਹੋਰ ਚਲੇ ਜਾਣ ਤਾਂ ਇਸ ਨਾਲ ਸਿੱਖਾਂ ਦੇ ਮਨ 'ਤੇ ਗਹਿਰੀ ਸੱਟ ਵੱਜਦੀ ਹੈ ਅਤੇ ਇਸ ਮੌਕੇ ਅਜਿਹੇ ਬਿਆਨ ਦੇਣੇ ਬਿਲਕੁਲ ਵੀ ਵਾਜਬ ਨਹੀਂ ਹਨ।
ਕੇਂਦਰ ਸਰਕਾਰ ਵੱਲੋਂ ਸਰਦ ਰੁੱਤ ਦੇ ਪਾਰਲੀਮੈਂਟ ਸੈਸ਼ਨ ਨੂੰ ਰੱਦ ਕਰਨ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਕਿ ਉਹ ਕੀ ਕਰ ਰਹੇ ਹਨ। ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਹੈ ਅਤੇ ਕੇਂਦਰ ਸਰਕਾਰ ਦਾ ਰਵੱਈਆ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਣ ਬੁੱਝ ਕੇ ਪਾਰਲੀਮੈਂਟ ਸੈਸ਼ਨ ਨਹੀਂ ਸੱਦਿਆ ਜਾ ਰਿਹਾ ਕਿਉਂਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨੀ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਅਤੇ ਪਾਰਲੀਮੈਂਟ ਨੂੰ ਘੇਰਿਆ ਜਾਣਾ ਹੈ ਜਿਸ ਤੋਂ ਡਰਦੇ ਸਰਕਾਰ ਇਹ ਸੈਸ਼ਨ ਨਹੀਂ ਸੱਦ ਰਹੀ ਹੈ।