ਕੁਰਾਲੀ : ਬੀਤੇ ਦਿਨੀਂ ਨੇਪਾਲ ਦੇਸ਼ ਵਿੱਚ ਹੋਏ 13ਵੀਆਂ ਸਾਊਥ ਏਸ਼ੀਅਨ ਗੇਮਜ਼ ਕਬੱਡੀ ਕੰਪੀਟੀਸ਼ਨ ਵਿੱਚ ਭਾਰਤ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਇਹ ਕੱਪ ਭਾਰਤ ਦੇ ਨਾਂਅ ਕੀਤਾ। ਇਸ ਟੂਰਨਾਮੈਂਟ ਵਿੱਚ ਭਾਰਤ ਦੀ ਟੀਮ ਵਿੱਚ ਖੇਡਣ ਵਾਲੀ ਪੰਜਾਬ ਦੀ ਇੱਕੋ ਇਕ ਖਿਡਾਰਨ ਹਰਵਿੰਦਰ ਕੌਰ ਨੋਨਾ ਜਿਸ ਦਾ ਅੱਜ ਸ਼ਹਿਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਰੋਪੜ ਜ਼ਿਲ੍ਹੇ ਵਿੱਚ ਪੈਂਦੇ ਨੂਰਪੁਰ ਬੇਦੀ ਹੱਦ ਵਿੱਚ ਪੈਂਦੇ ਪਿੰਡ ਰਾਏਪੁਰ ਮੁੰਨਾ ਦੇ ਪ੍ਰੀਤਮ ਸਿੰਘ ਦੇ ਘਰ ਜਨਮੀ ਸਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਹਰਵਿੰਦਰ ਕੌਰ ਨੋਨਾ ਨੇ ਆਪਣਾ ਸਖਤ ਮਿਹਨਤ ਕਰਕੇ ਕਬੱਡੀ ਜਗਤ ਵਿੱਚ ਆਪਣਾ ਨਾਮ ਬਣਾਇਆ ਹੈ।ਇਸ ਮੌਕੇ ਹਰਵਿੰਦਰ ਕੌਰ ਨੋਨਾ ਨੇ ਦਿੱਲੀ ਪਹੁੰਚਣ ਤੇ ਦਿੱਲੀ ਸਰਕਾਰ ਵੱਲੋਂ ਕੀਤੇ ਸਵਾਗਤ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਨਾਲ ਨਾਰਾਜ਼ਗੀ ਵੀ ਜ਼ਾਹਿਰ ਕੀਤੀ।
ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਉੱਤੇ ਉਤਰਨ ਮਗਰੋਂ ਦਿੱਲੀ ਸਰਕਾਰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਪਰ ਜਦੋਂ ਉਹ ਪੰਜਾਬ ਪੁੱਜੀ ਤਾਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਮੰਤਰੀ ਵੱਲੋਂ ਉਨ੍ਹਾਂ ਦਾ ਹਾਲ ਚਾਲ ਪੁੱਛਣਾ ਵੀ ਵਾਜਬ ਨਾ ਸਮਝਿਆ। ਇਸ ਮੌਕੇ ਉਨ੍ਹਾਂ ਸਮੂਹ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਹੋਰ ਮਿਹਨਤ ਕਰ ਹੋਰ ਗੋਲਡ ਮੈਡਲ ਭਾਰਤ ਦੀ ਝੋਲੀ ਪਾਉਣ ਦਾ ਵਾਅਦਾ ਕੀਤਾ।
ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸੀਨੀਅਰ ਕਾਂਗਰਸੀ ਆਗੂ, ਨਰਿੰਦਰ ਸਿੰਘ ਮਾਵੀ ਸਾਬਕਾ ਚੇਅਰਮੈਨ, ਬਿੱਟੂ ਬਾਜਵਾ ਸਰਪੰਚ ਜੈ ਸਿੰਘ ਚੱਕਲ, ਬਲਵਿੰਦਰ ਸਿੰਘ ਸਰਪੰਚ, ਸਰਬਜੀਤ ਸਿੰਘ ਚੈੜੀਆਂ, ਅਵਤਾਰ ਸਿੰਘ ਪੱਪੀ ਕੈਨੇਡਾ, ਗੁਰਵਿੰਦਰ ਚੈੜੀਆ, ਉਮਿਦਰ ਓਮਾ, ਸ਼ਿਵ ਅਗਰਵਾਲ, ਪਰਮਿੰਦਰ ਘਟੌਰ, ਨਰਿੰਦਰ ਕਾਕਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।