ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਸੂਬੇ ਵਿੱਚ ਕਰਫਿਊ ਜਾਰੀ ਹੈ ਉੱਥੇ ਹੀ ਕਿਸਾਨ ਦਾਣਾ ਮੰਡੀਆਂ ਦੇ ਵਿੱਚ ਆਪਣੀ ਫ਼ਸਲ ਵੇਚਣ ਆ ਰਹੇ ਹਨ। ਇਨ੍ਹਾਂ ਦਾਣਾ ਮੰਡੀਆਂ ਦੇ ਵਿੱਚ ਆੜ੍ਹਤੀ, ਪੱਲੇਦਾਰ ਅਤੇ ਕਾਮੇ ਵੱਡੀ ਗਿਣਤੀ ਦੇ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਕੋਰੋਨਾ ਮਹਾਂਮਾਰੀ ਪ੍ਰਤੀ ਸੁਚੇਤ ਕਰਨ ਅਤੇ ਕੰਮ ਦੌਰਾਨ ਸੋਸ਼ਲ ਡਿਸਟੈਂਸ ਰੱਖਣ ਲਈ ਰੂਪਿਨਗਰ ਪੁਲਿਸ ਦੇ ਡੀਐੱਸਪੀ ਵਰਿੰਦਰਜੀਤ ਖ਼ੁਦ ਮੰਡੀ 'ਚ ਆ ਕੇ ਇਨ੍ਹਾਂ ਨੂੰ ਜਾਗਰੂਕ ਕਰ ਰਹੇ ਹਨ।
ਇਸ ਸਬੰਧੀ ਉਹ ਸਪੀਕਰ ਅਤੇ ਮਾਈਕ ਰਾਹੀਂ ਬੋਲ ਕੇ ਕੋਰੋਨਾ ਪ੍ਰਤੀ ਸੁਚੇਤ ਕਰ ਰਹੇ ਹਨ ਅਤੇ ਆਪਸੀ ਦੂਰੀ ਬਣਾਏ ਰੱਖਣ ਦੀ ਅਪੀਲ ਕਰ ਰਹੇ ਹਨ। ਇੰਨਾ ਹੀ ਨਹੀਂ ਡੀਐੱਸਪੀ ਕਾਮਿਆਂ ਅਤੇ ਮਜ਼ਦੂਰਾਂ ਨੂੰ ਮੁਫ਼ਤ ਦੇ ਵਿੱਚ ਮਾਸਕ ਵੀ ਵੰਡ ਰਹੇ ਹਨ। ਜ਼ਿਕਰ ਕਰਨਾ ਬਣਦਾ ਹੈ ਕਿ ਰੂਪਨਗਰ ਪੁਲਿਸ ਦੇ ਇਹ ਉਹੀ ਅਧਿਕਾਰੀ ਹਨ ਜਿਨ੍ਹਾਂ ਨੂੰ ਪੰਜਾਬ ਦੇ ਡੀਜੀਪੀ ਵੱਲੋਂ ਡਾਇਰੈਕਟਰ ਜਨਰਲ ਆਫ਼ ਪੁਲਿਸ ਡਿਸਕ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਡੀਐੱਸਪੀ ਵਰਿੰਦਰਜੀਤ ਦੇ ਕੰਮਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਜਨਤਾ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਅਜਿਹੇ ਸਮੇਂ ਦੇ ਵਿੱਚ ਪੁਲਿਸ ਦੇ ਕਈ ਅਧਿਕਾਰੀ ਵਧੀਆ ਕੰਮ ਕਰ ਸਮਾਜ ਅਤੇ ਲੋਕਾਂ ਵਿੱਚ ਆਪਣੇ ਮਹਿਕਮੇ ਦਾ ਨਾਂਅ ਉੱਚਾ ਕਰ ਰਹੇ ਹਨ।