ਰੋਪੜ: ਨੰਗਲ ਦੇ ਸਤਲੁਜ ਦਰਿਆ ਵਿੱਚੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਦੇ ਮੈਂਬਰ, ਸਥਾਨਕ ਵਸਨੀਕਾਂ ਤੇ ਆਮ ਆਦਮੀ ਪਾਰਟੀ ਵੱਲੋਂ 48 ਘੰਟੇ ਦੇ ਲਈ ਧਰਨਾ ਲਗਾ ਦਿੱਤਾ ਗਿਆ ਹੈ ਤਾਂ ਕਿ ਇਲਾਕੇ ਦੇ ਵਿੱਚ ਹੋ ਰਹੀ ਮਾਇਨਿੰਗ ਨੂੰ ਠੱਲ੍ਹ ਪਾਈ ਜਾ ਸਕੇ।
ਧਰਨਾ ਲਗਾਉਣ ਆਏ ਪ੍ਰਦਰਸ਼ਨਕਾਰੀਆਂ 'ਤੇ ਕਰੈਸ਼ਰ ਦੇ ਕਰਿੰਦਿਆਂ ਵਿੱਚ ਧਰਨੇ ਵਾਲੀ ਥਾਂ ਤੂੰ-ਤੂੰ ਮੈਂ-ਮੈਂ ਵੀ ਹੋ ਗਈ। ਜਿਸਦੇ ਚਲਦੇ ਹੋਏ ਮੌਕੇ ਤੇ ਮੌਜੂਦ ਪੁਲਿਸ ਨੇ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਬੁਲਾਇਆ ਤੇ ਉਨ੍ਹਾਂ ਨੇ ਮੌਕੇ ਤੇ ਆ ਕੇ ਧਰਨਾ ਲਗਾਉਣ ਵਾਲਿਆਂ ਨੂੰ ਜਗ੍ਹਾ ਬਦਲ ਕੇ ਹੋਰ ਜਗ੍ਹਾ ਤੇ ਧਰਨਾ ਲਗਾਉਣ ਦੇ ਲਈ ਕਿਹਾ ਜਿਸ ਤੇ ਧਰਨਾਕਾਰੀਆਂ ਨੇ ਜਗ੍ਹਾ ਬਦਲ ਕੇ 48 ਘੰਟੇ ਦੇ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਸਥਾਨਕ ਵਸਨੀਕਾਂ ਨੇ ਦੱਸਿਆ ਕਿ 7-8 ਸਾਲ ਤੋਂ ਨਾਜਾਇਜ਼ ਮਾਈਨਿੰਗ ਦੇ ਚਲਦੇ ਹੋਏ 60-60 ਫੁੱਟ ਗਹਿਰੇ ਖੱਡੇ ਬਣਾ ਦਿੱਤੇ ਹਨ। ਉਨ੍ਹਾਂ ਦੇ ਪਿੰਡਾਂ ਨੂੰ ਆਉਣ ਵਾਲਾ ਰਸਤਾ ਵੀ ਮਾਇਨਿੰਗ ਦੀ ਭੇਂਟ ਚੜ੍ਹ ਚੁੱਕਿਆ ਹੈ ਤੇ ਉਨ੍ਹਾਂ ਦਾ ਪੀਣ ਵਾਲੇ ਪਾਣੀ ਦਾ ਲੈਵਲ ਵੀ ਕਾਫ਼ੀ ਨੀਚੇ ਚਲਾ ਗਿਆ ਹੈ ਜਿਸਦੇ ਚਲਦੇ ਹੋਏ ਖੇਤਾਂ ਨੂੰ ਲੱਗਣ ਵਾਲੇ ਪਾਣੀ ਲਈ ਵੀ ਕਾਫੀ ਦਿੱਕਤ ਆ ਰਹੀ ਹੈ।
ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਪ੍ਰਸ਼ਾਸਨ ਉਨ੍ਹਾਂ ਦੀ ਨਹੀਂ ਸੁਣਦਾ, ਜਿਸ ਕਰਕੇ ਇਹ ਧਰਨਾ ਲਗਾਇਆ ਗਿਆ ਹੈ।