ਰੋਪੜ : ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਿੱਤ ਝਗੜੇ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਜਿਹੀ ਹੀ ਇੱਕ ਘਟਨਾ ਰੋਪੜ ਦੀ ਕੇਂਦਰੀ ਜੇਲ੍ਹ ਵਿੱਚ ਹੋਈ ਜਿੱਥੇ ਝਗੜੇ ਦੌਰਾਨ ਇੱਕ ਕੈਦੀ ਨੇ ਦੂਜੇ ਕੈਦੀ ਦੇ ਢਿੱਡ ਵਿੱਚ ਕੋਈ ਤਿੱਖੀ ਚੀਜ਼ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ।
ਰੋਪੜ ਜੇਲ੍ਹ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਖ਼ਮੀ ਕੈਦੀ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਮੁੱਢਲੀ ਸਹਾਇਤਾ ਕਰਨ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਲਈ ਰੈਫ਼ਰ ਕਰ ਦਿੱਤਾ ਹੈ।
ਜ਼ਖਮੀ ਹੋਏ ਕੈਦੀ ਅੰਕੁਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਇਸ ਜੇਲ੍ਹ ਦੇ ਵਿੱਚ ਬੰਦ ਦਿਲਪ੍ਰੀਤ ਬਾਬਾ ਨਸ਼ੇ ਕਰਦਾ ਹੈ ਅਤੇ ਉਸ ਨੇ ਦਿਲਪ੍ਰੀਤ ਬਾਬੇ ਨੂੰ ਨਸ਼ੇ ਕਰਨ ਤੋਂ ਕਈ ਵਾਰ ਰੋਕਿਆ ਹੈ। ਜਿਸ ਕਾਰਨ ਅੰਕੁਰ ਦੀ ਅੱਜ ਦਿਲਪ੍ਰੀਤ ਬਾਬਾ ਨਾਲ ਤਕਰਾਰ ਹੋ ਗਈ ਅਤੇ ਦਿਲਪ੍ਰੀਤ ਬਾਬਾ ਨੇ ਅੰਕੁਰ ਦੇ ਢਿੱਡ ਵਿੱਚ ਤਿੱਖੀ ਚੀਜ਼ ਮਾਰ ਕੇ ਅੰਕੁਰ ਨੂੰ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਕੈਦੀ ਅੰਕੁਰ ਨੇ ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਉੱਪਰ ਨਸ਼ੇ ਕਰਨ ਦੇ ਕਈ ਆਰੋਪ ਲਗਾਏ।
ਉੱਧਰ ਜ਼ਖ਼ਮੀ ਕੈਦੀ ਅੰਕੁਰ ਦਾ ਇਲਾਜ ਕਰ ਰਹੇ ਸਰਕਾਰੀ ਹਸਪਤਾਲ ਦੇ ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਸ ਕੈਦੀ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਉਸ ਦੀ ਮੁੱਢਲੀ ਸਹਾਇਤਾ ਕਰਨ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ: ODD-EVEN ਦਾ ਅੱਜ ਆਖਰੀ ਦਿਨ, ਕੇਜਰੀਵਾਲ ਵੱਲੋਂ ਸਕੀਮ ਨੂੰ ਜਾਰੀ ਰੱਖਣ ਦੇ ਸੰਕੇਤ
ਉੱਧਰ ਇਸ ਮਾਮਲੇ ਉੱਪਰ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਅਮਰੀਕ ਸਿੰਘ ਨੇ ਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਜੇਲ੍ਹ ਵਿੱਚ ਬੰਦ ਕੈਦੀ ਦਿਲਪ੍ਰੀਤ ਬਾਬਾ ਦੇ ਖਿਲਾਫ਼ ਕਾਰਵਾਈ ਕਰਨ ਲਈ ਸਿਟੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।