ਰੂਪਨਗਰ: ਪਿੰਡ ਬੜੀ ਹਵੇਲੀ ਵਿੱਚ ਮੌਜੂਦ ਧਰਮਸ਼ਾਲਾ ਦੇ ਗ਼ਰੀਬ ਲੋਕਾਂ ਨੇ ਕੈਪਟਨ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸੂਬਾ ਸਰਕਾਰ ਵੱਲੋਂ ਜੋ ਲੋਕਾਂ ਨੂੰ ਮੁਫ਼ਤ ਕਣਕ ਵੰਡੀ ਜਾ ਰਹੀ ਹੈ, ਉਸ ਕਣਕ ਵਿੱਚ ਗੱਠਾਂ ਬਣੀਆਂ ਹੋਈਆਂ ਹਨ, ਜਿਵੇਂ ਕਣਕ ਨੂੰ ਉੱਲੀ ਲੱਗੀ ਹੋਵੇ। ਇਸ ਕਣਕ ਦੀ ਹਾਲਤ ਇੰਨੀ ਘਟੀਆ ਹੈ ਕਿ ਇਹ ਕਣਕ ਪਸ਼ੂਆਂ ਦੇ ਖਾਣ ਵਾਲੀ ਵੀ ਨਹੀਂ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਇੱਕ ਪਾਸੇ ਕੈਪਟਨ ਸਰਕਾਰ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਕਰਦੀ ਹੈ। ਦੂਜੇ ਪਾਸੇ ਸਾਨੂੰ ਘਟੀਆ ਕੁਆਲਿਟੀ ਵਾਲੀ ਕਣਕ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕਣਕ ਨੂੰ ਵਾਪਸ ਕਰਨ ਲਈ ਗਏ ਤਾਂ ਕਣਕ ਵੰਡਣ ਵਾਲਿਆਂ ਨੇ ਇਹ ਜਵਾਬ ਦਿੱਤਾ ਕਿ ਵਾਪਸ ਕਰਨ ਲਈ ਤਹਾਨੂੰ ਗੋਦਾਮ ਵਿੱਚ ਜਾ ਕੇ ਵਾਪਸ ਕਰਨੀ ਪਵੇਗੀ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਅਜਿਹੀ ਘਟੀਆ ਕੁਆਲਿਟੀ ਦੀ ਕਣਕ ਖਾ ਕੇ ਤਾਂ ਸਾਡੇ ਬੱਚੇ ਬਿਮਾਰ ਹੋ ਜਾਣਗੇ।
ਦੂਜੇ ਪਾਸੇ ਇਸ ਪਿੰਡ ਦੇ ਵਿੱਚ ਸਾਬਕਾ ਨਗਰ ਕੌਂਸਲਰ ਦੇ ਪਤੀ ਆਰ.ਪੀ. ਸ਼ੈਲੀ ਨੇ ਕੈਪਟਨ ਸਰਕਾਰ 'ਤੇ ਹਮਲਾ ਬੋਲਦੇ ਆਖਿਆ ਕਿ ਇੰਨੀ ਘਟੀਆ ਕੁਆਲਿਟੀ ਦੀ ਕਣਕ ਪਸ਼ੂ ਵੀ ਨਾ ਖਾਣ ਤੇ ਤੁਸੀਂ ਲੋਕਾਂ ਨੂੰ ਵੰਡ ਰਹੇ ਹੋ।
ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਕਣਕ ਵੰਡਣ ਵਾਲਿਆਂ ਦੇ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।