ਰੂਪਨਗਰ: ਦੁਨੀਆਂ ਭਰ ਵਿੱਚ ਫੈਲੀ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਸਰਕਾਰਾਂ ਵੱਲੋਂ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਪੰਜਾਬ ਦੇ ਵਿੱਚ ਕਰਫਿਊ ਜਾਰੀ ਹੈ ਤਾਂ ਜੋ ਲੋਕ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉੱਥੇ ਹੀ ਰੂਪਨਗਰ ਵਿੱਚ ਲੋਕ ਬਿਨਾਂ ਵਜ੍ਹਾ ਘੁੰਮਣ ਫਿਰਨ ਤੋਂ ਅਜੇ ਵੀ ਨਹੀਂ ਟਲ ਰਹੇ, ਹਾਲਾਂਕਿ ਪੁਲਿਸ ਜਨਤਾ ਨੂੰ ਵਾਰ-ਵਾਰ ਘਰੇ ਰਹਿਣ ਦੀ ਹਿਦਾਇਤ ਦੇ ਰਹੀ ਹੈ।
ਸ਼ਹਿਰ ਵਿੱਚ ਥਾਂ-ਥਾਂ 'ਤੇ ਪੁਲਿਸ ਨੇ ਬੈਰੀਗੇਟ ਲਗਾ ਕੇ ਨਾਕੇਬੰਦੀ ਕੀਤੀ ਹੋਈ ਹੈ, ਜਿੱਥੋਂ ਸਿਰਫ਼ ਕਰਫਿਊ ਪਾਸ ਹੋਲਡਰ ਜਾਂ ਹਸਪਤਾਲ ਜਾਣ ਵਾਲੇ ਮਰੀਜ਼ਾਂ ਨੂੰ ਹੀ ਇਜਾਜ਼ਤ ਦਿੱਤੀ ਜਾ ਰਹੀ ਹੈ ਪਰ ਜੋ ਲੋਕ ਬਿਨਾਂ ਕਿਸੀ ਵਜ੍ਹਾ ਤੋਂ ਕਰਫਿਊ ਦੀ ਉਲੰਘਣਾ ਕਰ, ਘਰੋਂ ਬਾਹਰ ਨਿਕਲ ਰਹੇ ਹਨ ਉਨ੍ਹਾਂ ਦੇ ਵਿਰੁੱਧ ਹੁਣ ਪੁਲਿਸ ਸਖ਼ਤ ਹੋ ਗਈ ਹੈ।
ਰੂਪਨਗਰ ਪੁਲਿਸ ਦੇ ਡੀਐਸਪੀ ਵਰਿੰਦਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਸ਼ਹਿਰ ਵਿੱਚ ਪੰਜ ਤੋਂ ਛੇ ਸਥਾਨਾਂ 'ਤੇ ਨਾਕੇਬੰਦੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਪੈਟਰੋਲਿੰਗ ਪੁਲਿਸ ਪਾਰਟੀਆਂ ਵੀ ਸ਼ਹਿਰ ਵਿੱਚ ਘੁੰਮ ਰਹੀਆਂ ਹਨ, ਜੋ ਵੀ ਲੋਕ ਇਸ 'ਕਰਫਿਊ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਵਿਰੁੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਹੁਣ ਤੱਕ ਰੂਪਨਗਰ ਸ਼ਹਿਰ ਵਿੱਚ 51 ਮਾਮਲੇ ਦਰਜ ਕੀਤੇ ਹਨ ਅਤੇ 150 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਐਸਪੀ ਨੇ ਦੱਸਿਆ ਕਿ 300 ਦੇ ਕਰੀਬ ਵਾਹਨਾਂ ਦੇ ਚਲਾਨ ਕੱਟੇ ਗਏ ਹਨ ਤਾਂ ਜੋ ਲੋਕ ਕਰਫ਼ਿਊ ਦੀ ਪਾਲਣਾ ਕਰਨ ਅਤੇ ਆਪਣੇ ਘਰਾਂ ਦੇ ਵਿੱਚ ਬੈਠਣ।
ਇਹ ਵੀ ਪੜ੍ਹੋ: ਏਐਸਆਈ ਹਰਪ੍ਰੀਤ ਸਿੰਘ ਦੀ ਹਾਲਤ 'ਚ ਸੁਧਾਰ, 5 ਮਹੀਨੇ ਫਿਜ਼ੀਓਥੈਰੇਪੀ ਦੀ ਲੋੜ