ਰੋਪੜ: ਲੰਮੇ ਚਿਰਾਂ ਤੋਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਮੰਗ ਪੂਰੀ ਹੋ ਚੁੱਕੀ ਹੈ। ਭਾਰਤ ਅਤੇ ਪਾਕਿਸਤਾਨ ਦੇ ਸਹਿਯੋਗ ਦੇ ਨਾਲ ਇਹ ਸੰਭਵ ਹੋ ਸਕਿਆ ਹੈ। ਪਰ ਦੂਜੇ ਪਾਸੇ ਪਾਕਿਸਤਾਨ ਵਿੱਚ ਹੀ ਇੱਕ ਮੁਸਲਮਾਨ ਵੱਲੋਂ ਸ੍ਰੀ ਨਨਕਾਣਾ ਸਾਹਿਬ ਦਾ ਨਾਂਅ ਬਦਲਣ ਅਤੇ ਉੱਥੇ ਕਥਿਤ ਰੂਪ ਤੇ ਪੱਥਰਬਾਜ਼ੀ ਦੀ ਘਟਨਾ ਤੋਂ ਬਾਅਦ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਭਾਰਤ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨਨਕਾਣਾ ਸਾਹਿਬ ਦੀ ਘਟਨਾ 'ਤੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਮਾਮਲੇ 'ਤੇ ਈਟੀਵੀ ਭਾਰਤ ਦੀ ਟੀਮ ਨੇ ਰੂਪਨਗਰ ਦੇ ਵਿੱਚ ਉਂਕਾਰ ਸਿੰਘ ਸੈਣੀ ਦੇ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸਥਿਤ ਸਿੱਖਾਂ ਦੇ ਗੁਰਦੁਆਰੇ ਢਾਹੇ ਜਾ ਰਹੇ ਹਨ ਜਿੱਥੇ ਖੁਦ ਬੀਜੇਪੀ ਦੀਆਂ ਸਰਕਾਰਾਂ ਹਨ, ਇਸ ਵੇਲੇ ਰਾਜਨੀਤਕ ਪਾਰਟੀਆਂ ਕਿਉਂ ਨਹੀਂ ਬੋਲਦੀਆਂ। ਉਂਕਾਰ ਸਿੰਘ ਸੈਣੀ ਨੇ ਕਿਹਾ ਕਿ ਮੈਂ ਪਾਕਿਸਤਾਨ ਦੀ ਘਟਨਾ ਦੀ ਨਿਖੇਧੀ ਕਰਦਾ ਹਾਂ ਪਰ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਉਦੋਂ ਕਿਉਂ ਚੁੱਪ ਸਨ ਜਦੋਂ ਸੰਨ 1984 ਦੇ ਵਿੱਚ ਸਿੱਖਾਂ ਦੇ ਨਾਲ ਕਤਲੇਆਮ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਨੂੰ ਲੈ ਕੇ ਰਾਜਨੀਤੀ ਕਰਨੀਆਂ ਬੰਦ ਕਰਨ।
ਉਨ੍ਹਾਂ ਨੇ ਕਿਹਾ ਕਿ ਹਰ ਕੋਈ ਪਾਰਟੀ ਅੱਜ ਸਿੱਖਾਂ ਨੂੰ ਦਬਾ ਰਹੀ ਹੈ ਹੁਣ ਜਦੋਂ ਦਿੱਲੀ ਦੀਆਂ ਚੋਣਾਂ ਆ ਗਈਆਂ ਤਾਂ ਰਾਜਨੀਤਕ ਪਾਰਟੀਆਂ ਸਿੱਖਾਂ ਦੇ ਨਾਂ 'ਤੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣੀਆਂ ਬੰਦ ਕਰੇ। ਉਂਕਾਰ ਸੈਣੀ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਇਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਝਾਂਸੇ ਤੋਂ ਦੂਰ ਰਹਿਣ ਦੀ ਲੋੜ ਹੈ ਤਾਂ ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੜ੍ਹਦੀ ਕਲਾ ਨੂੰ ਬਰਕਰਾਰ ਰੱਖ ਸਕੀਏ।