ਰੂਪਨਗਰ: ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2 ਲੱਖ ਤੋਂ ਪਾਰ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਤਾਲਾਬੰਦੀ ਲਗਾਈ ਹੋਈ ਹੈ। ਇਸ ਤਾਲਾਬੰਦੀ ਦੌਰਾਨ ਸਿਹਤ ਮਹਿਕਮੇ ਵੱਲੋਂ ਜਾਰੀ ਹਦਾਇਤਾਂ ਸਮਾਜਿਕ ਦੂਰੀ ਬਣਾਈ ਰੱਖਣਾ, ਮਾਸਕ ਪਾਉਣਾ ਅਤੇ ਬਿਨਾਂ ਮਤਲਬ ਤੋਂ ਘਰੋਂ ਨਾ ਨਿਕਲਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਜਦੋਂ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਜਿੱਥੇ ਮਰੀਜ਼ ਆ ਕੇ ਡਾਕਟਰ ਨੂੰ ਦਿਖਾਉਣ ਲਈ ਪਰਚੀ ਬਣਾਉਂਦੇ ਹਨ, ਉੱਥੇ ਵੀ ਮਰੀਜ਼ਾਂ ਦੀ ਭਾਰੀ ਭੀੜ ਹੈ। ਕੋਈ ਸਮਾਜਿਕ ਦੂਰੀ ਨਹੀਂ ਰੱਖੀ ਗਈ। ਡਾਕਟਰਾਂ ਨੂੰ ਚੈੱਕ ਕਰਨ ਤੋਂ ਬਾਅਦ ਜਿਸ ਡਿਸਪੈਂਸਰੀ ਤੋਂ ਮਰੀਜ਼ਾਂ ਨੇ ਦਵਾਈ ਲੈਣੀ ਹੁੰਦੀ ਹੈ, ਉਸ ਕਾਉਂਟਰ ਉੱਤੇ ਵੀ ਮਰੀਜ਼ਾਂ ਦੀ ਭਾਰੀ ਭੀੜ ਹੈ। ਇੱਥੇ ਵੀ ਕੋਈ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਨਾ ਹੀ ਮੌਕੇ 'ਤੇ ਇਨ੍ਹਾਂ ਨੂੰ ਕੋਈ ਰੋਕਣ ਵਾਲਾ ਹੈ।
ਇਸ ਬਾਰੇ ਜਦੋਂ ਹਸਪਤਾਲ ਦੇ ਐਸਐਮਓ ਡਾ. ਪਵਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਟਾਫ ਅਤੇ ਡਾਕਟਰ ਸਰਕਾਰੀ ਹਸਪਤਾਲ ਵਿੱਚ ਆ ਰਹੇ ਮਰੀਜ਼ਾਂ ਨੂੰ ਵਾਰ ਵਾਰ ਸਮਾਜਿਕ ਦੂਰੀ ਬਣਾਏ ਰੱਖਣ ਦੀ ਗੱਲ ਵੀ ਆਖਦੇ ਹਨ ਪਰ ਲੋਕਾਂ ਉਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਬਲਕਿ, ਹਰ ਕੋਈ ਜਲਦਬਾਜ਼ੀ ਵਿੱਚ ਹੈ ਅਤੇ ਫਟਾਫਟ ਆਪਣੀ ਦਵਾਈ ਲੈ ਕੇ ਡਾਕਟਰ ਨੂੰ ਦਿਖਾ ਕੇ ਆਪਣੇ ਘਰਾਂ ਨੂੰ ਜਾਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਕੇਵਲ ਇੱਥੇ ਆ ਰਹੇ ਮਰੀਜ਼ਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਦੀ ਬੇਨਤੀ ਹੀ ਕਰ ਸਕਦੇ ਹਨ।
ਦੁਨੀਆਂ ਭਰ ਵਿੱਚ ਕੋਰੋਨਾ ਦੀ ਮਹਾਂਮਾਰੀ ਦਾ ਆਤੰਕ ਵਧਦਾ ਹੀ ਜਾ ਰਿਹਾ ਹੈ। ਭਾਰਤ ਵਿੱਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਸਰਕਾਰੀ ਹਸਪਤਾਲ ਰੂਪਨਗਰ ਵਿੱਚ ਮਰੀਜ਼ਾਂ ਦੀ ਭਾਰੀ ਭੀੜ ਅਤੇ ਸਮਾਜਿਕ ਦੂਰੀ, ਕਾਨੂੰਨ ਦੀਆਂ ਉੱਡ ਰਹੀਆਂ ਧੱਜੀਆਂ, ਸਿਹਤ ਮਹਿਕਮਾ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵੱਲ ਇਸ਼ਾਰਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ 10 ਮਰੀਜ਼ ਕੋਰੋਨਾ ਪੌਜ਼ੀਟਿਵ ਹਨ।
ਇਹ ਵੀ ਪੜ੍ਹੋ: ਬੀਜ ਘੁਟਾਲੇ 'ਚ ਸ਼ਾਮਲ 1 ਹੋਰ ਸ਼ੱਕੀ ਕਾਬੂ