ਰੋਪੜ: ਅਗਸਤ ਮਹੀਨੇ ਵਿੱਚ ਰੂਪਨਗਰ ਜ਼ਿਲ੍ਹੇ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਪਿੰਡਾਂ ਦੇ ਪਿੰਡ ਪਾਣੀ ਵਿੱਚ ਰੁੜ੍ਹ ਗਏ ਸਨ, ਲੋਕਾਂ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਸੀ ਕਿ ਹੜ੍ਹਾਂ ਨੂੰ ਲੈ ਕੇ ਸਾਰੇ ਪ੍ਰਬੰਧ ਪੁਖ਼ਤਾ ਹਨ ਪਰ ਇਹ ਦਾਅਵੇ ਖੋਖਲੇ ਸਾਬਤ ਹੋਏ ਜ਼ਿਲ੍ਹੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ।
ਈਟੀਵੀ ਭਾਰਤ ਨੇ ਇਨ੍ਹਾਂ ਹੜ੍ਹਾਂ ਦੇ ਪਿੱਛੇ ਕੀ ਕਾਰਨ ਰਹੇ ਹਨ ਇਨ੍ਹਾਂ ਨੂੰ ਜਾਨਣ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੋ ਜਾਣਕਾਰੀ ਈਟੀਵੀ ਭਾਰਤ ਨੂੰ ਪ੍ਰਾਪਤ ਹੋਈ ਉਹ ਬਹੁਤ ਹੀ ਹੈਰਾਨੀਜਨਕ ਹੈ। ਰੂਪਨਗਰ ਹੈੱਡ ਵਰਕਸ ਜਿੱਥੇ ਸਤਲੁਜ ਦਰਿਆ ਹੈ ਉਹਦੇ ਵਿੱਚ ਭਾਖੜਾ, ਸਵਾਨੀ, ਸਰਸਾ ਨਦੀ ਅਤੇ ਹੋਰ ਨਦੀਆਂ ਨਾਲਿਆਂ ਦਾ ਪਾਣੀ ਆਉਂਦਾ ਹੈ।
ਇਸ ਹੈੱਡਵਰਕਸ 'ਤੇ ਲਗਭਗ ਇੱਕ ਕਿਲੋਮੀਟਰ ਲੰਬਾ ਬੰਨ੍ਹ ਲੱਗਿਆ ਹੋਇਆ ਹੈ। ਇੱਥੋਂ ਹੀ ਹੜ੍ਹਾਂ ਵੇਲੇ ਵਾਧੂ ਪਾਣੀ ਛੱਡਿਆ ਜਾਂਦਾ ਹੈ ਪਰ ਇੱਥੇ ਦੇ ਕਰਮਚਾਰੀਆਂ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸੇਫ਼ਟੀ ਜੈਕਟ, ਰੱਸੇ, ਰੇਨਕੋਟ ਅਤੇ ਸਭ ਤੋਂ ਜ਼ਰੂਰੀ ਇੱਥੇ ਬਿਜਲੀ ਨਾ ਹੋਣ 'ਤੇ ਜਰਨੇਟਰ ਸੈੱਟ ਵੀ ਮੁਹੱਈਆ ਨਹੀਂ ਕਰਵਾਇਆ ਗਿਆ ਸੀ।
ਇਹ ਵੀ ਪੜੋ:ਕਰਤਾਰਪੁਰ ਕੋਰੀਡੋਰ ਸਬੰਧੀ 30 ਅਗਸਤ ਨੂੰ ਹੋ ਸਕਦੀ ਹੈ ਭਾਰਤ-ਪਾਕਿਸਤਾਨ ਬੈਠਕ
ਹੈੱਡ ਵਰਕਸ ਦੇ ਐਕਸੀਅਨ ਗੁਰਪ੍ਰੀਤ ਪਾਲ ਨੇ ਖੁਲਾਸੇ ਕਰਦੇ ਹੋਏ ਕਿਹਾ ਕਿ ਹੜ੍ਹਾਂ ਵਾਲੇ ਦਿਨ ਰਾਤ ਨੂੰ ਇੱਕ ਵਜੇ ਬਿਜਲੀ ਗੁੱਲ ਹੋ ਗਈ ਸੀ ਪਰ ਉਹ ਬਿਜਲੀ ਅਗਲੇ ਦਿਨ ਸ਼ਾਮ ਦੇ ਸੱਤ ਵਜੇ ਦੇ ਕਰੀਬ ਆਈ। ਇਸ ਦੌਰਾਨ ਰੂਪਨਗਰ ਹੈੱਡ ਵਰਕਸ ਲਈ ਬਿਜਲੀ ਦੀ ਸਖ਼ਤ ਲੋੜ ਸੀ ਪਰ ਹੈੱਡਵਰਕਸ ਮਹਿਕਮੇ ਕੋਲ ਅਜੇ ਤੱਕ ਆਪਣਾ ਬਿਜਲੀ ਦਾ ਜਰਨੇਟਰ ਨਹੀਂ ਸੀ। ਮੌਕੇ 'ਤੇ ਹੈੱਡਵਰਕਸ ਦੇ ਅਧਿਕਾਰੀਆਂ ਨੇ ਖੁਦ ਫੈਸਲਾ ਕਰਦੇ ਹੋਏ ਇੱਥੇ ਆਪ ਜਰਨੇਟਰ ਦਾ ਪ੍ਰਬੰਧ ਕੀਤਾ।