ਰੂਪਨਗਰ: ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿੱਚ ਆ ਰਹੀ ਪਾਣੀ ਦੀ ਮੁਸ਼ਕਿਲ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਅਧਿਕਾਰੀਆਂ ਸਮੇਤ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨਾਲ ਮੀਟਿੰਗ ਕੀਤੀ।
ਇਸ ਬਾਰੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਸੰਨ 1992 ਵਿੱਚ ਭਾਖੜਾ ਨਹਿਰ ਤੋਂ ਪਾਣੀ ਦੀ ਸਪਲਾਈ ਲੈਣ ਵਾਸਤੇ ਸਰਹਿੰਦ ਨਹਿਰ 'ਤੋਂ 18 ਇੰਚੀ ਪਾਈਪ ਸਰਹਿੰਦ ਨਹਿਰ ਦੇ ਪੁਲ ਨਾਲ-ਨਾਲ ਲੰਘਾਇਆ ਗਿਆ ਸੀ। ਇਸ ਦੀ ਹਾਲਤ ਹੁਣ ਕਾਫ਼ੀ ਖ਼ਰਾਬ ਹੋ ਗਈ ਹੈ ਜਿਸ ਕਰਕੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨੂੰ ਲੈ ਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਏ.ਡੀ.ਸੀ ਰੂਪਨਗਰ, ਐਸ.ਡੀ.ਓ ਸਰਹਿੰਦ ਕਨਾਲ, ਐਕਸੀਅਨ ਪੀ.ਡਬਲਿਊ.ਡੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਖੜਾ ਨਹਿਰ ਤੋਂ ਲੇ ਕੇ ਵਾਟਰ ਵਰਕਸ ਤੱਕ ਨਵੀਂ 24 ਇੰਚ ਦੀ ਪਾਈਪ ਪਾਉਣ ਦੀ ਮੰਗ ਕੀਤੀ।
ਇਸ ਪਾਈਪ ਪਾਉਣ 'ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਲਗਭਗ 5.38 ਕਰੋੜ ਰੁਪਏ ਦਾ ਤਖਮੀਨਾ ਪੇਸ਼ ਕੀਤਾ ਤੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਸੁਝਾਅ ਦਿਤਾ ਕਿ ਜਦੋਂ ਤੱਕ ਸਰਕਾਰ ਵਲੋਂ 5.38 ਕਰੋੜ ਰੁਪਏ ਦਾ ਇੰਤਜਾਮ ਨਹੀਂ ਕਰਵਾਇਆ ਜਾਂਦਾ ਉਂਦੋ ਤੱਕ ਲੋਕਾਂ ਦੀ ਮੁਸ਼ਕਿਲ ਨੂੰ ਖ਼ਤਮ ਕਰਨ ਲਈ ਸਰਹਿੰਦ ਨਹਿਰ ਦੇ ਥੱਲ੍ਹੇ ਵਾਲੀ ਪਾਈਪ ਬਦਲ ਕੇ ਨਵੀਂ ਲਾ ਦਿੱਤੀ ਜਾਵੇ ਜਿਸ 'ਤੇ ਲਗਭਗ 25 ਤੋਂ 30 ਲੱਖ ਰੁਪਏ ਖ਼ਰਚਾ ਆਉਣ ਦੀ ਸੰਭਾਵਨਾ ਹੈ।