ਰੂਪਨਗਰ : ਪੰਜਾਬ ਪੁਲਿਸ ਦੇ ਆਈਜੀ ਗਰਪ੍ਰੀਤ ਭੁੱਲਰ ਵੱਲੋਂ ਵੱਖ-ਵੱਖ ਥਾਵਾਂ ਉੱਤੇ ਨਾਕੇ ਲਾ ਕੇ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨਾ ਪੰਜਾਬ ਪੁਲਿਸ ਦੀ ਪਹਿਲੀ ਜ਼ਿੰਮੇਵਾਰੀ ਹੈ। ਜਾਣਕਾਰੀ ਮੁਤਾਬਿਕ
ਆਈ ਜੀ ਰੇਂਜ ਰੂਪਨਗਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪੁਲਿਸ ਲਾਈਨ ਦੇ ਟੀ-ਪੁਆਇੰਟ ਅਤੇ ਹੋਰ 14 ਵੱਖ ਵੱਖ ਥਾਵਾਂ ਉੱਤੇ ਨਾਕਾਬੰਦੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਫਲੈਗ ਮਾਰਚ ਵੀ ਕੱਢਿਆ ਗਿਆ ਹੈ।
ਸ਼ਾਂਤੀ ਕਾਇਮ ਕਰਨ ਲਈ ਪੁਲਿਸ ਕਾਰਵਾਈ : ਇਸ ਮੌਕੇ ਗੱਲਬਾਤ ਕਰਦਿਆਂ ਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪੁਲਿਸ ਵਲੋਂ ਸੂਬੇ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਇਹ ਕਾਰਵਾਈ ਕੀਤੀ ਗਈ ਹੈ। ਭੁੱਲਰ ਨੇ ਕਿਹਾ ਕਿ ਇਸ ਜਾਂਚ ਅਤੇ ਨਾਕਾਬੰਦੀ ਦਾ ਮੁੱਖ ਮੰਤਵ ਆਮ ਲੋਕਾਂ ਦੇ ਲਈ ਸੁਖਾਵਾਂ ਮਾਹੌਲ ਅਤੇ ਲੋਕਾਂ ਵਿੱਚ ਸਹੀ ਸੋਚ ਅਤੇ ਉਸਾਰੂ ਵਿਸ਼ਵਾਸ ਪੈਦਾ ਕਰਨਾ ਹੈ। ਇਸਦੇ ਨਾਲ ਹੀ ਸ਼ਰਾਰਤੀ ਲੋਕਾਂ ਉੱਤੇ ਨਕੇਲ ਕੱਸਣ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਪਰਾਧਿਕ ਸੋਚ ਵਾਲੇ ਗੈਰ ਸਮਾਜੀ ਤੱਤ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ।
ਫਲੈਗ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਭੁੱਲਰ ਵਲੋਂ ਮੌਜੂਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ਼ ਗੱਲਬਾਤ ਕੀਤੀ ਗਈ ਕਿ ਜ਼ਿਲ੍ਹਾ ਰੂਪਨਗਰ ਵਿਚ ਹਰ ਪੱਧਰ ਉੱਤੇ ਇਲਾਕਾ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ, ਜਿਸ ਲਈ ਆਪ ਸਭ ਵਲੋਂ ਆਪਣੀ ਡਿਊਟੀ ਨਿਰਪੱਖਤਾ ਅਤੇ ਨਿਡਰਤਾ ਨਾਲ਼ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਵਿਚ ਸਿੱਧੇ ਤੌਰ ਉਤੇ ਵਿਚਰਦੇ ਹੋਏ ਹਰ ਤਰ੍ਹਾਂ ਦੀ ਜਾਣਕਾਰੀ ਪੁਲਿਸ ਤੱਕ ਪਹੁੰਚਦੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : Protest Against Drugs: ਮਾਨਸਾ 'ਚ ਨਸ਼ੇ ਖਿਲਾਫ ਸ਼ਹਿਰ ਵਾਸੀਆਂ ਨੇ ਘੇਰਿਆ ਪੁਲਿਸ ਥਾਣਾ, ਹੱਥਾਂ 'ਚ ਤਖਤੀਆਂ ਫੜ੍ਹ ਕੇ ਕੀਤਾ ਵਿਰੋਧ
ਰੂਪਨਗਰ ਦੇ ਐੱਸਐੱਸਪੀ ਵਿਵੇਕ ਐੱਸ ਸੋਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਰੂਪਨਗਰ ਜ਼ਿਲ੍ਹੇ ਵਿੱਚ ਵੀ ਕਈ ਨਾਕੇ ਲਗਾਏ ਗਏ ਹਨ। ਜਿਨ੍ਹਾਂ ਉੱਤੇ ਵਾਹਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕੁੱਝ ਨਾਕਿਆਂ ‘ਤੇ ਵਿਸ਼ੇਸ਼ ਨਿਗਰਾਨੀ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ।