ਰੂਪਨਗਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਕਾਨੂੰਨ ਹਿਟ ਐਂਡ ਰਨ ਦੇ ਖਿਲਾਫ ਟਰਾਂਸਪੋਰਟ ਡਰਾਈਵਰਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਤੋਂ ਨਰਾਜ਼ ਹੋ ਕੇ ਸਕੂਲ ਟਰਾਂਸਪੋਰਟ ਵਾਲੇ ਪ੍ਰਦਰਸ਼ਨ ਕਰਨ ਜਾ ਰਹੇ ਹਨ। ਇਸ ਲਈ 18 ਜਨਵਰੀ ਨੂੰ ਸਕੂਲ ਦੀਆਂ ਬੱਸਾਂ ਨਹੀਂ ਚੱਲਣਗੀਆਂ। ਡਰਾਈਵਰਾਂ ਦਾ ਕਹਿਣਾ ਹੈ ਕਿ ਉਹ ਇਸ ਕਾਨੂੰਨ ਦੇ ਸਖ਼ਤ ਖਿਲਾਫ ਹਨ। ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦਾ, ਉਸ ਸਮੇਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਸਕੂਲ ਖੁੱਲ੍ਹਣਗੇ, ਪਰ ਬੱਸਾਂ ਨਹੀਂ ਚੱਲਣਗੀਆਂ: ਸਕੂਲ ਬੱਸ ਟਰਾਂਸਪੋਰਟ ਐਸਸੀਏਸ਼ਨ (ਰਜਿ:) ਰੂਪਨਗਰ ਵੱਲੋ ਦੱਸਿਆ ਗਿਆ ਕਿ ਮਿਤੀ 18-01-2024 ਨੂੰ ਸਮੂਹ ਟਰਾਂਸਪੋਰਟਾਂ ਵੱਲੋ ਸਾਰੇ ਭਾਰਤ ਵਿੱਚ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਲਈ ਸਕੂਲ ਬੱਸ ਟਰਾਂਸਪੋਰਟ ਐਸੋਸੀਏਸ਼ਨ ਰਜਿ ਰੂਪਨਗਰ ਅਤੇ ਇਲਾਕੇ ਦੇ ਹੋਰ 19-20 ਸਕੂਲਾਂ ਦੇ ਬੱਸ ਟਰਾਂਸਪੋਰਟਰਾਂ/ਡਰਾਇਵਰਾਂ ਵੱਲੋਂ ਮਿਤੀ 18-01-2024 ਨੂੰ ਕੀਤੀ ਜਾ ਰਹੀ ਹੜਤਾਲ ਦਾ ਪੂਰਾ ਸਮਰਥਨ ਕੀਤਾ ਗਿਆ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਦਿਨ ਸਾਰੀਆਂ ਸਕੂਲ ਬੱਸਾਂ ਬੰਦ ਰਹਿਣਗੀਆਂ ਅਤੇ ਅਸੀ ਹੜਤਾਲ ਦੇ ਇਸ ਸੱਦੇ ਦਾ ਪੂਰਾ ਸਮਰਥਨ ਕਰਦੇ ਹਾਂ। ਇਸ ਮੌਕੇ ਹੋਲੀ ਫੈਮਿਲੀ ਸਕੂਲ ਬੱਸ ਟਰਾਂਸਪੋਰਟ ਐਸੋਸੀਏਸ਼ਨ (ਰਜਿ) ਰੂਪਨਗਰ ਦੇ ਮੈਬਰਾਂ ਅਤੇ ਹੋਰ ਇਲਾਕੇ ਦੇ ਸਕੂਲਾਂ ਦੇ ਡਰਾਇਵਰ ਵੀ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਨਵਾਂ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਕਾਨੂੰਨ ਨੂੰ ਹਿਟ ਐਂਡ ਰਨ ਦਾ ਨਾਮ ਦਿੱਤਾ ਗਿਆ ਹੈ। ਜਦੋਂ ਤੋਂ ਟਰਾਂਸਪੋਰਟ ਨਾਲ ਕੰਮ ਕਰ ਰਹੇ ਲੋਕਾਂ ਨੂੰ ਇਸ ਕਾਨੂੰਨ ਦੇ ਲਾਗੂ ਹੋਣ ਦੀ ਗੱਲ ਦਾ ਪਤਾ ਲੱਗਿਆ ਹੈ, ਉਨ੍ਹਾਂ ਵੱਲੋਂ ਵੱਡੇ ਪੱਧਰ ਉੱਤੇ ਇਸ ਕਾਨੂੰਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਤੋਂ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।
ਕਾਨੂੰਨ ਵਾਪਸ ਲੈਣ ਦੀ ਮੰਗ: ਇੰਨਾ ਹੀ ਨਹੀਂ, ਜੇਕਰ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ, ਤਾਂ ਇਹ ਧਰਨਾ ਪ੍ਰਦਰਸ਼ਨ ਵੱਡੇ ਪੱਧਰ ਉੱਤੇ ਹੋ ਜਾਵੇਗਾ ਅਤੇ ਸੂਬਾ ਪੱਧਰੀ ਅਤੇ ਦੇਸ਼ ਪੱਧਰੀ ਟਰਾਂਸਪੋਰਟ ਯੂਨੀਅਨ ਦੇ ਸਾਥ ਦੇਣ ਦੀ ਗੱਲ ਵੀ ਕਹੀ ਜਾ ਰਹੀ ਹੈ। ਦੂਜੇ ਪਾਸੇ, ਕੇਂਦਰ ਸਰਕਾਰ ਵੱਲੋਂ ਟਰਾਂਸਪੋਰਟ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਭਰੋਸਾ ਦਵਾਇਆ ਗਿਆ ਸੀ ਕਿ ਇਹ ਕਾਨੂੰਨ ਅਜੇ ਲਾਗੂ ਨਹੀਂ ਹੋਇਆ ਹੈ ਅਤੇ ਜਦੋਂ ਲਾਗੂ ਹੋਵੇਗਾ ਉਸ ਸਮੇਂ ਟਰਾਂਸਪੋਰਟ ਨਾਲ ਸੰਬੰਧ ਰੱਖਦੇ ਯੂਨੀਅਨ ਅਤੇ ਵਿਅਕਤੀਆਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਸੋਧ ਦੀ ਜਰੂਰਤ ਹੋਵੇਗੀ, ਤਾਂ ਉਹ ਕੀਤੀ ਜਾਵੇਗੀ।
ਪਰ, ਕੇਂਦਰ ਸਰਕਾਰ ਦੇ ਅਫਸਰਾਂ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਵੀ ਟਰਾਂਸਪੋਰਟ ਯੂਨੀਅਨ ਦੇ ਨੁਮਾਇੰਦਿਆਂ ਨੂੰ ਮੀਟਿੰਗ ਉੱਤੇ ਕੋਈ ਬਹੁਤਾ ਭਰੋਸਾ ਨਹੀਂ ਦਿਖਾਈ ਦੇ ਰਿਹਾ ਜਿਸ ਤੋਂ ਬਾਅਦ ਲਗਾਤਾਰ ਸਮੇਂ ਸਮੇਂ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।