ਰੂਪਨਗਰ : ਕੋਰੋਨਾ ਕਾਲ 'ਚ ਜਿਥੇ ਮੌਤ ਦਰ ਵਿੱਚ ਵਾਧਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਕੋਰੋਨਾ ਮਰੀਜ਼ਾਂ ਦੇ ਅੰਤਮ ਸਸਕਾਰ ਲਈ ਕਈ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਦੌਰਾਨ ਕੋਰੋਨਾ ਪ੍ਰੋਟੋਕਾਲ ਤਹਿਤ ਅੰਤਮ ਸਸਕਾਰ ਕਰਨ ਤੇ ਸਸਕਾਰ ਦੌਰਾਨ ਲਕੜਾਂ ਦੀ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ।
ਅਜਿਹੇ ਸਮੇਂ ਵਿੱਚ ਆਈਆਈਟੀ ਰੋਪੜ ਨੇ ਇੱਕ ਨਿੱਜੀ ਬਾਈਲਰ ਕੰਪਨੀ ਨਾਲ ਮਿਲ ਕੇ ਅੰਤਮ ਸਸਕਾਰ ਕਰਨ ਲਈ ਇੱਕ ਨਵੀਂ ਮਸ਼ੀਨ ਤਿਆਰ ਕੀਤੀ ਹੈ। ਮਾਹਰਾਂ ਦਾ ਦਾਅਵਾ ਹੈ ਕਿ ਇਹ ਮਸ਼ੀਨ 'ਚ ਅੰਤਮ ਸਸਕਾਰ ਦੌਰਾਨ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਮਦਦਗਾਰ ਸਾਬਿਤ ਹੋਵੇਗੀ।
ਬੱਤੀ ਚੁੱਲ੍ਹੇ ਦੀ ਤਕਨੀਕ ਨਾਲ ਤਿਆਰ ਕੀਤੀ ਗਈ ਮਸ਼ੀਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੀਮਾ ਬਾਈਲਰਜ਼ ਦੇ ਇੰਜੀਨੀਅਰ ਹਰਜਿੰਦਰ ਸਿੰਘ ਚੀਮਾ ਨੇ ਦੱਸਿਆ, " ਇਸ ਮਸ਼ੀਨ ਨੂੰ ਬੱਤੀ ਚੁੱਲ੍ਹੇ ਦੀ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਮਸ਼ੀਨ ਵਿੱਚ ਅੰਤਮ ਸਸਕਾਰ ਦੇ ਦੌਰਾਨ ਘੱਟ ਲਕੜਾਂ ਦੀ ਵਰਤੋਂ ਹੁੰਦੀ ਹੈ। ਇਸ ਵਿਧੀ ਰਾਹੀਂ ਵਾਤਾਵਰਣ ਸ਼ੁੱਧ ਰਹੇਗਾ, ਅਤੇ ਅੰਤਮ ਸਸਕਾਰ ਦੌਰਾਨ ਹਾਨੀਕਾਰਕ ਤੱਤ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਤੇ ਹਵਾ ਪ੍ਰਦੂਸ਼ਣ ਘੱਟ ਹੁੰਦਾ ਹੈ।
ਕਿੰਝ ਕੰਮ ਕਰੀ ਹੈ ਮਸ਼ੀਨ
ਹਿੰਦੂ ਧਰਮ ਦੇ ਮੁਤਾਬਕ ਕਿਸੇ ਵੀ ਮ੍ਰਿਤਕ ਦੇਹ ਦੇ ਅੰਤਮ ਸਸਕਾਰ ਲਈ ਤਕਰੀਬਨ 2500 ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਉਨ੍ਹਾਂ ਕਿਹਾ ਇਸ ਮਸ਼ੀਨ ਦੀ ਕਾਰਜ ਪ੍ਰਣਾਲੀ ਵਿੱਚ ਹਵਾ ਬਾਲਣ ਲੈਸ ਹੈ। ਇਸ ਦੌਰਾਨ ਜਿਥੇ ਇੱਕ ਮ੍ਰਿਤਕ ਦੇਹ ਦੇ ਸਸਕਾਰ 'ਚ ਪੂਰੀ ਤਰ੍ਹਾਂ 48 ਘੰਟੇ ਦਾ ਸਮਾਂ ਲਗਦਾ ਹੈ, ਉਥੇ ਹੀ ਇਹ ਮਸ਼ੀਨ ਰਵਾਇਤੀ ਪ੍ਰਕੀਰਿਆ ਦੇ ਮੁਕਾਬਕੇ ਸਸਕਾਰ ਦੇ ਸਾਰੇ ਕਾਰਜਾਂ ਨੂੰ 12 ਘੰਟਿਆਂ ਅੰਦਰ ਮੁਕੰਮਲ ਕਰ ਦਿੰਦੀ ਹੈ। ਇਹ 1000 ਡਿਗਰੀ ਸੈਲਸੀਅਸ 'ਤੇ ਕੰਮ ਕਰਦੀ ਹੈ ਤੇ ਇਸ ਦੌਰਾਨ ਘੱਟ ਲੱਕੜ ਦੀ ਵਰਤੋਂ ਹੁੰਦੀ ਹੈ। ਮਸ਼ੀਨ ਦੇ ਦੋਵੇਂ ਪਾਸੇ ਸਟੀਲ ਇੰਸੂਲੇਸ਼ਨ ਮੌਜੂਦ ਹੋਣ ਕਾਰਨ ਇਹ ਜਲਦ ਹੀ ਅੰਤਮ ਸਸਕਾਰ ਦੀ ਕਿਰਿਆ ਨੂੰ ਪੂਰਾ ਕਰ ਦਿੰਦੀ ਹੈ।
ਲੋਕਾਂ ਦੀ ਮਦਦ ਲਈ ਤਿਆਰ ਕੀਤੀ ਗਈ ਮਸ਼ੀਨ
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਆਈਆਈਟੀ ਰੋਪੜ ਦੇ ਪ੍ਰੋਫੈਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡਾ ਮਕਸਦ ਦਿਖਾਵਾ ਕਰਨਾ ਨਹੀਂ ਸਗੋਂ ਲੋਕਾਂ ਦੀ ਮਦਦ ਕਰਨਾ ਹੈ। ਕੋਰੋਨਾ ਕਾਲ ਵਿੱਚ ਜਿਥੇ ਸ਼ਮਸ਼ਾਨ ਘਾਟਾਂ ਵਿੱਚ ਅੰਤਮ ਸਸਕਾਰ ਲਈ ਥਾਂ ਨਹੀਂ ਮਿਲ ਰਹੀ, ਅਜਿਹੇ 'ਚ ਪਾਰਕਾਂ, ਪਾਰਕਿੰਗ ਆਦਿ ਜਨਤਕ ਥਾਵਾਂ ਉੱਤੇ ਵੀ ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿੱਕਤਾਂ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਹ ਨਵੀਂ ਮਸ਼ੀਨ ਤਿਆਰ ਕੀਤੀ ਗਈ ਹੈ। ਇਸ ਮੋਬਾਈਲ ਮਸ਼ੀਨ ਦੀ ਤਰ੍ਹਾਂ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਆਧੁਨਿਕ ਤਕਨੀਕ ਦੇ ਰਾਹੀਂ ਹਵਾ ਪ੍ਰਦੂਸ਼ਣ ਤੇ ਹਵਾ ਵਿੱਚ ਕਿਸੇ ਵੀ ਤਰ੍ਹਾਂ ਦੇ ਹਾਨੀਕਾਰਕ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।