ਸ੍ਰੀ ਅਨੰਦਪੁਰ ਸਾਹਿਬ: ਬੁੱਧਵਾਰ ਨੂੰ ਹੋਲਾ ਮਹੱਲਾ ਖਾਲਸਾਈ ਜਾਹੋਜਲਾਲ ਨਾਲ ਮਨਾਇਆ ਗਿਆ ਜਿਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਦੀ ਸੰਗਤ ਨਤਮਸਤਕ ਹੋਈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੱਤਕਾ ਮਾਰਸ਼ਲ ਆਰਟ ਅਤੇ ਘੋੜ ਦੌੜ ਦੇ ਕਰਤਬ ਦਿਖਾਏ ਗਏ। ਨਿਹੰਗ ਸਿੰਘ ਦੋਵੇਂ ਇਕ ਦੂਜੇ ਉੱਤੇ ਗੁਲਾਲ ਸੁੱਟਦੇ ਵੀ ਨਜ਼ਰ ਆਏ।
ਸੰਗਤ ਦਾ ਅਲੋਕਿਕ ਠਾਠਾਂ ਮਾਰਦਾ ਇੱਕਠ ਬਣਿਆ ਖਿੱਚ ਦਾ ਕੇਂਦਰ: ਬੁੱਧਵਾਰ ਨੂੰ ਬਾਅਦ ਦੁਪਹਿਰ ਮਹੱਲਾ ਇੱਕ ਨਗਰ ਕੀਰਤਨ ਦੇ ਰੂਪ ਵਿਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਕੱਢਿਆ ਗਿਆ ਜਿਸ ਵਿੱਚ ਨਿਹੰਗ ਸਿੰਘ ਪੁਰਾਤਨ ਬਾਣੇ ਵਿੱਚ ਇਸ ਨਗਰ ਕੀਰਤਨ 'ਚ ਸ਼ਾਮਿਲ ਹੋਏ। ਪੂਰਾ ਅਨੰਦਪੁਰ ਸਾਹਿਬ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਝ ਉੱਠਿਆ।
ਗਤਕਾ ਮਾਰਸ਼ਲ ਆਰਟਸ ਦੇ ਜ਼ੌਹਰ: ਖਾਲਸਾ ਪੰਥ ਦੇ ਜਨਮ ਸਥਾਨ ਉੱਤੇ ਬਾਅਦ ਦੁਪਹਿਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਸੰਗਤ ਦਾ ਅਲੋਕਿਕ ਠਾਠਾਂ ਮਾਰਦਾ ਇੱਕਠ ਨਗਰ ਕੀਰਤਨ ਦੇ ਰੂਪ ਵਿੱਚ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਪੂਰੇ ਸ਼ਹਿਰ ਚੋਂ ਗੁਜ਼ਰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਸਮਾਪਤ ਹੋਇਆ, ਜਿੱਥੇ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ, ਤਰਨਾ ਦਲ, ਬਿਧੀ ਚੰਦੀਏ ਤੇ ਹੋਰ ਨਿਹੰਗ ਸਿੰਘ ਜੱਥੇਬੰਦੀਆਂ ਵਲੋਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਚਲਾਈ ਗਈ ਪ੍ਰਥਾ ਅਨੁਸਾਰ ਨਿਹੰਗ ਸਿੰਘਾਂ ਵਲੋਂ ਗਤਕਾ, ਘੋੜ ਸਵਾਰੀ, ਨੇਜਾਬਾਜ਼ੀ ਅਤੇ ਹੋਰ ਮਾਰਸ਼ਲ ਆਰਟ ਦੇ ਜੋਹਰ ਦਿਖਾਏ ਗਏ।
ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਇੰਤਜਾਮ ਤੋਂ ਨਾਰਾਜ਼ਗੀ : ਦੂਜੇ ਪਾਸੇ, ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਨਾਕਾਫੀ ਪ੍ਰਬੰਧ ਤੋਂ ਨਾਰਾਜ਼ਗੀ ਵੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਭਾਰੀ ਜਾਮ ਦੇ ਕਾਰਨ ਉਹ 2 ਘੰਟੇ ਦੇਰੀ ਨਾਲ ਚਰਨ ਗੰਗਾ ਸਟੇਡੀਅਮ ਪਹੁੰਚੇ, ਜਿੱਥੇ ਘੋੜ ਦੌੜ ਹੋਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇੰਨੇ ਮਾੜੇ ਪ੍ਰਬੰਧ ਪਹਿਲਾ ਕਦੇ ਨਹੀਂ ਦੇਖੇ ਅਤੇ ਕਿਹਾ ਕਿ ਅਗਲੀ ਵਾਰ ਹੋਲੇ ਮੁਹੱਲੇ ਦੌਰਾਨ ਅਗਰ ਪ੍ਰਸ਼ਾਸਨ ਇੰਤਜ਼ਾਮ ਨਹੀਂ ਕਰ ਸਕਦੀ, ਤਾਂ ਅਗਲੀ ਵਾਰ ਨਿਹੰਗ ਸਿੰਘ ਖੁਦ ਹੀ ਇੰਤਜ਼ਾਮ ਕਰ ਲੈਣਗੇ।
ਹੋਲੇ ਮਹੱਲੇ ਨਾਲ ਜੁੜਿਆਂ ਪੁਰਾਤਨ ਇਤਿਹਾਸ: ਹੋਲੇ ਮਹੱਲੇ ਮੌਕੇ ਪੂਰਾ ਚਰਨ ਗੰਗਾ ਸਟੇਡੀਅਮ ਰੰਗ ਬਿਰੰਗੇ ਬਾਣੇ ਤੇ ਰੰਗਾਂ ਦੇ ਨਾਲ ਦਿਲਕਸ਼ ਨਜ਼ਾਰਾ ਪੇਸ਼ ਕਰ ਰਿਹਾ ਸੀ। ਹੋਲੇ ਮਹੱਲੇ ਦਾ ਤਿਉਹਾਰ ਸਿੱਖ ਜਗਤ ਵਿਚ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਖਾਲਸਾ ਪੰਥ ਵਿਚ ਵੀਰ ਰਸ ਭਰਨ ਵਾਸਤੇ ਸਿਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 ਦੀ ਵਿਸਾਖ ਦੇ ਮੌਕੇ ਪੰਜ ਪਿਆਰਿਆਂ ਦੀ ਚੋਣ ਕਰਕੇ ਅੰਮ੍ਰਿਤ ਦੀ ਬਖਸ਼ਿਸ਼ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖਾਲਸੇ ਵਿਚ ਵੀਰ ਰਸ ਭਰਨ ਵਾਸਤੇ ਹੋਲੇ ਮਹੱਲੇ ਦੇ ਮੋਕੇ ਘੋੜ ਸਵਾਰੀ, ਗਤਕਾ, ਨੇਜਾਬਾਜੀ, ਤੀਰ ਅੰਦਾਜੀ ਤੇ ਹੋਰ ਸ਼ਸ਼ਤਰਾਂ ਦਾ ਅਭਿਆਸ ਕਰਵਾਇਆ ਜਾਂਦਾ ਸੀ। ਦਸ਼ਮ ਪਾਤਸ਼ਾਹ ਦੀ ਚਲਾਈ ਹੋਈ ਰੀਤ ਮੁਤਾਬਿਕ ਧਰਮ ਅਤੇ ਦੇਸ਼ ਦੀ ਰੱਖਿਆ ਤੇ ਵੀਰਤਾ ਨੂੰ ਕਾਇਮ ਰੱਖਣ ਲਈ ਅੱਜ ਵੀ ਹੋਲਾ ਮਹੱਲਾ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: President Visit To Amritsar: ਰਾਸ਼ਟਰਪਤੀ ਦੀ ਅੰਮ੍ਰਿਤਸਰ ਫੇਰੀ, ਏਅਰਪੋਰਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਦਾ ਰਸਤਾ ਰਹੇਗਾ ਬੰਦ