ਸ੍ਰੀ ਅਨੰਦਪੁਰ ਸਾਹਿਬ: ਸਿੱਖ ਕੌਮ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਦਾ ਕੀਰਤਪੁਰ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਆਗ਼ਾਜ਼ ਹੋ ਗਿਆ। ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਸਮੇਤ ਵੱਖ ਵੱਖ ਗੁਰੂ ਘਰਾਂ ਦੇ 'ਚ ਅਖੰਡ ਪਾਠ ਆਰੰਭ ਹੋਏ, ਜਿਨ੍ਹਾਂ ਦੇ ਭੋਗ 26 ਮਾਰਚ ਨੂੰ ਪਾਏ ਜਾਣਗੇ।
ਹੋਲੇ ਮਹੱਲੇ ਆਰੰਭਤਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਵੱਲੋਂ ਕੀਤੀ ਗਈ ਅਰਦਾਸ ਨਾਲ ਹੋਈ। ਇਸ ਮੌਕੇ ਹੈੱਡ ਗ੍ਰੰਥੀ ਫੂਲਾ ਸਿੰਘ ਅਤੇ ਐੱਸਜੀਪੀਸੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਦੱਸਣਯੋਗ ਹੈ ਕਿ ਹੋਲਾ ਮਹੱਲਾ 6 ਦਿਨਾਂ ਦਾ ਤਿਉਹਾਰ ਹੈ ਅਤੇ ਜਿਸ ਦਾ ਪਹਿਲਾ ਪੜਾਅ ਕੀਰਤਪੁਰ ਸਾਹਿਬ ਦੀ ਇਤਿਹਾਸਕ ਨਗਰੀ ਵਿਖੇ ਹੁੰਦਾ ਹੈ ਜੋ ਕਿ ਇਸ ਵਾਰ 24 ਮਾਰਚ ਤੋਂ ਲੈ 26 ਕੇ ਮਾਰਚ ਤੱਕ ਹੈ ਅਤੇ ਹੋਲਾ ਮਹੱਲਾ ਦੇ ਪਹਿਲੇ ਪੜਾਅ ਦੇ ਖ਼ਤਮ ਹੋਣ ਤੋਂ ਬਾਅਦ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਵੱਲ ਚਾਲੇ ਪਾਉਂਦੀਆਂ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਮਿਤੀ 27 ਮਾਰਚ ਤੋਂ ਲੈ ਕੇ 29 ਮਾਰਚ ਤੱਕ ਹੋਲਾ ਮਹੱਲਾ ਦੇ ਸਮਾਗਮ ਚੱਲਣਗੇ।
29 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਜਾਵੇਗਾ, ਜਿਸ ਨੂੰ ਦੇਖਣ ਦੇ ਲਈ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਲੱਖਾਂ ਦੀ ਤਾਦਾਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਦੀਆਂ ਹਨ।