ਰੋਪੜ: ਪਿੰਡ ਸਹੇੜੀ ਵਿੱਚ ਗੁਰਦੁਆਰਾ ਸ੍ਰੀ ਅਟਕ ਸਾਹਿਬ ਸਥਿਤ ਹੈ, ਜਿੱਥੇ ਸਰਸਾ ਨਦੀ 'ਤੇ ਪਰਿਵਾਰ ਦਾ ਵਿਛੋੜਾ ਪੈਣ ਤੋਂ ਬਾਅਦ ਗੰਗੂ ਰਸੋਈਏ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਨੂੰ ਆਪਣੇ ਘਰ ਵਿੱਚ ਰੱਖਿਆ ਸੀ। ਦੱਸ ਦਈਏ, ਜਦੋਂ ਗੰਗੂ ਰਸੋਈਏ ਨੇ ਮਾਤਾ ਗੁਜਰੀ ਜੀ ਤੇ ਦਸਮ ਪਾਤਸ਼ਾਹ ਦੇ ਲਾਲਾਂ ਨੂੰ ਆਪਣੇ ਘਰ ਵਿੱਚ ਰੱਖਿਆ ਸੀ ਤਾਂ ਉਸ ਵੇਲੇ ਗੰਗੂ ਨੇ ਮਾਤਾ ਜੀ ਕੋਲ ਪਈਆਂ ਮੋਹਰਾਂ ਵੇਖ ਲਈਆਂ ਸਨ।
ਗੰਗੂ ਦਾ ਮਨ ਵਿੱਚ ਮੋਹਰਾਂ ਵੇਖ ਕੇ ਲਾਲਚ ਆ ਗਿਆ ਤੇ ਉਸ ਨੇ ਮੋਹਰਾਂ ਚੋਰੀ ਕਰ ਲਈਆਂ। ਗੰਗੂ ਨੇ ਮੋਹਰਾਂ ਚੋਰੀ ਕਰਕੇ ਖ਼ੁਦ ਹੀ ਰੌਲਾ ਪਾ ਦਿੱਤਾ ਕਿ ਉਸ ਦੇ ਘਰ ਵਿੱਚ ਚੋਰੀ ਹੋਈ ਹੈ। ਇਸ ਦੇ ਨਾਲ ਹੀ ਗੰਗੂ ਨੇ ਛੋਟੇ ਸਾਹਿਬਜ਼ਾਦਿਆਂ 'ਤੇ ਕਹਿਰ ਕਮਾਉਂਦਿਆਂ ਹੋਇਆਂ ਮੋਰਿੰਡਾ ਦੇ ਥਾਣਾ ਕੋਤਵਾਲੀ ਵਿਖੇ ਦੱਸ ਦਿੱਤਾ ਕਿ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਦੇ ਘਰ ਵਿੱਚ ਰੁਕੇ ਹੋਏ ਹਨ।
ਇਸ ਤੋਂ ਬਾਅਦ ਗੰਗੂ ਨੇ ਦਾਦੀ ਤੇ ਪੌਤਰਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਥਾਣਾ ਕੋਤਵਾਲੀ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਦਾਦੀ ਪੌਤਰਿਆਂ ਨੂੰ ਗ੍ਰਿਫ਼ਤਾਰ ਕਰਕ ਥਾਣੇ ਵਿੱਚ ਲੈ ਆਏ ਸਨ। ਇਹ ਉਹ ਹੀ ਪਿੰਡ ਹੈ ਜਿਸ ਦਾ ਪਹਿਲਾ ਨਾਂਅ ਖੇੜੀ ਹੁੰਦਾ ਸੀ, ਪਰ ਜਦੋਂ ਬਾਬਾ ਬੰਦਾ ਬਹਾਦਰ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਨ੍ਹਾਂ ਨੇ ਇਸ ਪਿੰਡ ਨੂੰ ਪੂਰਾ ਤਹਿਸ ਨਹਿਸ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਦਾ ਨਾਂਅ ਸਹੇੜੀ ਪੈ ਗਿਆ।