ਰੂਪਨਗਰ: ਪੰਜਾਬ ਵਿੱਚ ਕੋਰੋਨਾ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੁਧਿਆਣਾ ਵਿੱਚ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਕੋਰੋਨਾ ਨਾਲ ਨਜਿੱਠਣ 'ਚ ਪੰਜਾਬ ਸਾਰੇ ਸੂਬਿਆਂ ਤੋਂ ਮੋਹਰੀ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਬਿਆਨ ਆਇਆ ਹੈ।
ਉਨ੍ਹਾਂ ਕਿਹਾ, "ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਕੋਰੋਨਾ ਦੇ ਆਈਸੋਲੇਸ਼ਨ ਸੈਂਟਰਾਂ ਦਾ, ਟਰੀਟਮੈਂਟ ਸੈਂਟਰਾਂ ਦਾ ਉੱਥੇ ਜਾ ਕੇ ਇੱਕ ਵਾਰ ਸਰਵੇ ਕਰ ਲਓ ਅਤੇ ਪੀੜਤ ਮਰੀਜ਼ਾਂ ਨੂੰ ਪੁੱਛ ਲਵੋ।
ਉਨ੍ਹਾਂ ਅੱਗੇ ਕਿਹਾ ਕਿ ਨਿੱਜੀ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਲੱਖਾਂ ਰੁਪਏ ਕਿਉਂ ਖਰਚਣੇ ਪੈ ਰਹੇ ਹਨ, ਜੇ ਸਰਕਾਰੀ ਹਸਪਤਾਲਾਂ ਦੇ ਵਿੱਚ ਇੰਨਾ ਵਧੀਆ ਇਲਾਜ ਕੋਰੋਨਾ ਦਾ ਹੁੰਦਾ ਤਾਂ ਸਿਹਤ ਮਹਿਕਮੇ ਵੱਲੋਂ ਕੋਰੋਨਾ ਪੀੜਤਾਂ ਦੀ ਸਹੀ ਢੰਗ ਨਾਲ ਨਾ ਤਾਂ ਸਕਰੀਨਿੰਗ ਹੋ ਰਹੀ ਹੈ ਨਾ ਹੀ ਕੋਰੋਨਾ ਪੀੜਤ ਮਰੀਜ਼ਾਂ ਦਾ ਸਹੀ ਢੰਗ ਦੇ ਨਾਲ ਫਾਲੋਅੱਪ ਹੋ ਰਿਹਾ ਹੈ।
ਜਿਹੜੇ ਕੋਰੋਨਾ ਪੀੜਤ ਸੀਰੀਅਸ ਹਨ ਉਨ੍ਹਾਂ ਵੱਲ ਸਿਹਤ ਮਹਿਕਮਾ ਸਹੀ ਢੰਗ ਨਾਲ ਧਿਆਨ ਨਹੀਂ ਦੇ ਰਿਹਾ। ਇਨ੍ਹਾਂ ਮਾਮਲਿਆਂ ਉੱਤੇ ਕੁਝ ਕਹਾਂਗੇ ਤਾਂ ਇਹ ਕਹਿਣਗੇ ਕਿ ਕ੍ਰਿਟੀਸਿਜ਼ਮ ਕਰ ਰਹੇ ਹਨ। ਇਸ ਕਰਕੇ ਜਿਹੜੇ ਲੋਕ ਕਰੋਨਾ ਹਸਪਤਾਲਾਂ ਦੇ ਵਿੱਚ ਰਹਿ ਕੇ ਆਏ ਹਨ ਉਹ ਸਾਰੀ ਸੱਚਾਈ ਦੱਸ ਦੇਣਗੇ।
ਸੂਬੇ ਦੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਵਾਧਾ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਜਿਸ ਹਿਸਾਬ ਨਾਲ ਸਿਹਤ ਮਹਿਕਮੇ ਨੂੰ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਦੀ ਲੋੜ ਸੀ, ਉਸ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।