ਰੂਪਨਗਰ: ਪੰਜਾਬ ਵਿੱਚ ਇਨ੍ਹਾਂ ਦਿਨਾਂ 'ਚ ਸਭ ਤੋਂ ਵੱਧ ਵਿਆਹ ਹੁੰਦੇ ਹਨ। ਪੰਜਾਬੀ ਇਨ੍ਹਾਂ ਵਿਆਹਾਂ ਵਿੱਚ ਰੱਜ ਕੇ ਪੈਸਾ ਖ਼ਰਚਦੇ ਹਨ। ਵਿਆਹਾਂ ਦੌਰਾਨ ਸੋਨਾ ਦੇਣ ਦਾ ਚਲਨ ਪੰਜਾਬ ਵਿੱਚ ਸਭ ਤੋਂ ਵੱਧ ਦੇਖਿਆ ਜਾਂਦਾ ਹੈ, ਪਰ ਕੋਰੋਨਾ ਦੀ ਮਾਰ ਦੇ ਚੱਲਦਿਆਂ ਸੋਨੇ ਦੀ ਚਮਕ ਵੀ ਫਿੱਕੀ ਪੈ ਗਈ ਹੈ।
ਵਿਆਹਾਂ ਦੇ ਸੀਜ਼ਨ ਵਿੱਚ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਐਨਆਰਆਈ, ਪੰਜਾਬ ਆ ਕੇ ਆਪਣੇ ਰਿਸ਼ਤੇਦਾਰਾਂ ਨਾਲ ਵਿਆਹ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਪੰਜਾਬ ਆ ਕੇ ਸੋਨੇ ਦੀਆਂ ਦੁਕਾਨਾਂ ਤੋਂ ਸੋਨੇ ਦੇ ਗਹਿਣੇ ਅਤੇ ਡਾਇਮੰਡ ਖ਼ਰੀਦਦੇ ਹਨ, ਪਰ ਹੁਣ ਕੋਰੋਨਾ ਕਰ ਕੇ ਉਡਾਣਾਂ ਬੰਦ ਹੋ ਗਈਆਂ ਹਨ। ਇਸ ਕਾਰਨ ਐਨਆਰਆਈ ਪੰਜਾਬ ਆਉਣੇ ਬੰਦ ਹੋ ਗਏ ਹਨ।
ਸਰਕਾਰ ਵੱਲੋਂ ਵਿਆਹ ਸਮਾਗਮਾਂ ਵਿੱਚ ਲੋਕਾਂ ਦੀ ਗਿਣਤੀ ਘੱਟ ਰੱਖਣ ਦੇ ਵੀ ਆਦੇਸ਼ ਜਾਰੀ ਕੀਤੇ ਗਏ। ਇਨ੍ਹਾਂ ਹਾਲਾਤਾਂ ਵਿੱਚ ਸੋਨੇ ਦੇ ਕਾਰੋਬਾਰ ਨੂੰ ਮੰਦੀ ਪੈ ਗਈ ਹੈ। ਰੂਪਨਗਰ ਵਿੱਚ ਸੋਨੇ ਦਾ ਕੰਮ ਕਰਨ ਵਾਲੇ ਦੁਕਾਨਦਾਰ ਵਿਹਲੇ ਹੋ ਗਏ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਰੋਪੜ ਦੇ ਇੱਕ ਵਪਾਰੀ ਸਾਹਿਲ ਨੇ ਦੱਸਿਆ ਕਿ ਸੋਨੇ ਦੇ ਭਾਅ ਵੀ ਘੱਟ ਗਏ ਹਨ। ਬਾਵਜੂਦ ਇਸ ਦੇ ਸੋਨਾ ਵਿਕ ਨਹੀਂ ਰਿਹਾ ਅਤੇ ਵਿਆਹਾਂ ਵਾਸਤੇ ਲੋਕਾਂ ਵੱਲੋਂ ਬੁੱਕ ਕਰਵਾਏ ਸੋਨੇ ਦੇ ਗਹਿਣੇ ਵੀ ਲੋਕ ਲੈ ਕੇ ਜਾ ਨਹੀਂ ਰਹੇ। ਲੋਕਾਂ ਨੇ ਆਪਣੀਆਂ ਵਿਆਹ ਦੀਆਂ ਤਰੀਕਾਂ ਵੀ ਬਦਲ ਦਿੱਤੀਆਂ ਹਨ, ਉਲਟਾ ਲੋਕੀ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਸੋਨਾ ਪਿਆ ਹੈ ਉਹ ਜ਼ਿਆਦਾਤਰ ਉਸ ਨੂੰ ਵੇਚਣ ਵਾਸਤੇ ਉਨ੍ਹਾਂ ਕੋਲ ਆ ਰਹੇ ਹਨ। ਅਜਿਹੇ ਦੌਰ ਵਿੱਚ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਇਹ ਵੀ ਪੜ੍ਹੋ: ਕੋਵਿਡ-19: ਸ਼ੱਕੀ ਮਰੀਜ਼ਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਨੂੰ ਕੈਪਟਨ ਨੇ ਕੀਤਾ ਖ਼ਾਰਜ