ਰੋਪੜਾ: ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਪੰਜਾਬ ਰੋਡਵੇਜ਼ ਵਿੱਚ ਲਗਾਤਾਰ ਠੇਕੇ ਉੱਤੇ ਕੰਮ ਕਰਦੇ ਆ ਰਹੇ ਰੋਡਵੇਜ਼ ਦੇ ਮੁਲਾਜ਼ਮ ਹੁਣ ਪੰਜਾਬ ਸਰਕਾਰ ਤੋਂ ਉਨ੍ਹਾਂ ਨੂੰ ਪੱਕੇ ਕਰਨ ਦੀ ਮੰਗ ਕਰ ਰਹੇ ਹਨ। ਅੱਜ ਪੰਜਾਬ ਰੋਡਵੇਜ਼ ਰੋਪੜ ਡਿੱਪੂ ਦੇ ਬਾਹਰ ਇਨ੍ਹਾਂ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ।
ਪੰਜਾਬ ਰੋਡਵੇਜ਼ ਦੇ ਵਿੱਚ ਪਿਛਲੇ 10 ਸਾਲਾਂ ਤੋਂ ਲਗਾਤਾਰ ਠੇਕੇ ਉੱਤੇ ਕੰਮ ਕਰਦੇ ਆ ਰਹੇ ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ। ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਰੋਪੜ ਡਿੱਪੂ ਦੇ ਬਾਹਰ ਇਨ੍ਹਾਂ ਸਮੂਹ ਮੁਲਾਜ਼ਮਾਂ ਨੇ ਇੱਕ ਗੇਟ ਰੈਲੀ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮੁਲਾਜ਼ਮ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਾਡੀ ਸੂਬਾ ਸਰਕਾਰ ਕੋਲੋਂ ਕੋਈ ਵਿੱਤੀ ਮੰਗ ਨਹੀਂ ਹੈ, ਕੇਵਲ ਜੋ ਮੁਲਾਜ਼ਮ ਪੰਜਾਬ ਰੋਡਵੇਜ਼ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਠੇਕੇ ਉੱਤੇ ਅਤੇ ਆਊਟ ਸੋਰਸਿੰਗ ਉੱਪਰ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਸੂਬਾ ਸਰਕਾਰ ਪੱਕੀ ਨੌਕਰੀ ਦੇਵੇ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਅੰਦਰ ਲਗਭਗ 2500 ਮੁਲਾਜ਼ਮ ਠੇਕੇ ਅਤੇ ਆਊਟਸੋਰਸਿੰਗ ਉੱਤੇ ਕੰਮ ਕਰ ਰਹੇ ਹਨ, ਜੋ ਹੁਣ ਪੱਕੀ ਨੌਕਰੀ ਦੀ ਮੰਗ ਕਰ ਰਹੇ ਹਨ।
ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਦੇ ਵਿੱਚ ਜਿੰਨੀਆਂ ਬੱਸਾਂ ਕਰਜ਼ਾ ਮੁਕਤ ਹੋ ਚੁੱਕੀਆਂ ਹਨ, ਉਨ੍ਹਾਂ ਬੱਸਾਂ ਉੱਤੇ ਰੋਡਵੇਜ਼ ਦੇ ਪੱਕੇ ਮੁਲਾਜ਼ਮ ਡਰਾਈਵਰ ਕੰਡਕਟਰ ਤੈਨਾਤ ਕਰ ਉਨ੍ਹਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ।
ਉਨ੍ਹਾਂ ਨੇ ਜੋ ਹੁਣ ਨਵੇਂ ਮੁਲਾਜ਼ਮਾਂ ਦੀ ਭਰਤੀ ਵੇਲੇ ਪੈਨਸ਼ਨ ਸਕੀਮ ਬੰਦ ਕੀਤੀ ਹੈ, ਉਹ ਪੈਨਸ਼ਨ ਸਕੀਮ ਦੀ ਸਮੂਹ ਰੋਡਵੇਜ਼ ਦੇ ਕਰਮਚਾਰੀਆਂ ਨੂੰ ਦਿੱਤੀ ਜਾਵੇ।