ਸ੍ਰੀ ਆਨੰਦਪੁਰ ਸਾਹਿਬ: ਆਸਥਾ ਤੇ ਸ਼ਰਧਾ ਦੇ ਨਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੱਖ-ਵੱਖ ਥਾਵਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਆਉਦੇ ਹਨ। ਪਰ ਸ਼ਹਿਰ ਵਿੱਚ ਸਾਫ਼ ਸਫਾਈ ਦਾ ਹਾਲ ਕਾਫੀ ਮਾੜਾ ਹੈ। ਸ਼ਹਿਰ ਦੇ ਮੇਨ ਚੌਂਕ ਭਗਤ ਰਵਿਦਾਸ ਚੌਕ, ਨਵੀਂ ਆਬਾਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਪਾਣੀ ਵਾਲੀ ਟੈਂਕੀ ਦੇ ਕੋਲ ਅਤੇ ਇੱਥੋਂ ਤਕ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਰਿਹਾਇਸ਼ ਦੇ ਕੋਲ ਅਤੇ ਤਹਿਸੀਲ ਕੰਪਲੈਕਸ ਦੇ ਨਜ਼ਦੀਕ ਕੂੜੇ ਦੇ ਢੇਰ ਲੱਗੇ ਹੋਏ ਹਨ।
ਇਸ ਸਬੰਧ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਸ ਮਾਮਲੇ ਨੂੰ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਜਲਦ ਤੋਂ ਜਲਦ ਇਸ ਸਮੱਸਿਆ ਸਮੇਤ ਬਾਕੀ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਦਾ ਮਾੜਾ ਹਾਲ ਹੈ। ਜਿਸ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਵਿੱਖੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੀ ਆਸਥਾ ਨੂੰ ਸੱਟ ਵੱਜ ਰਹੀ ਹੈ।
ਦੂਜੇ ਪਾਸੇ ਇਸ ਪੂਰੇ ਮਾਮਲੇ ਸਬੰਧੀ ਜਦੋਂ ਨਗਰ ਨਿਗਮ ਦੇ ਈਓ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਵੱਖਰਾ ਹੀ ਜਵਾਬ ਸਫ਼ਾਈ ਦੇ ਮਾਮਲੇ ਵਿੱਚ ਦਿੱਤਾ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਹਰ ਰੋਜ਼ ਸ਼ਹਿਰ ਵਿੱਚੋਂ ਕੂੜਾ ਚੁਕਵਾਇਆ ਜਾਂਦਾ ਹੈ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੱਡੀ ਗਿਣਤੀ ਦੇ ਵਿੱਚ ਕੂੜੇ ਨੂੰ ਚੁੱਕਣ ਸਬੰਧੀ ਆਨਲਾਈਨ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸ਼ਿਕਾਇਤਾਂ ਦੇ ਉੱਪਰ ਅਮਲ ਕਰਦਿਆਂ ਕੂੜੇ ਨੂੰ ਜਲਦੀ ਤੋਂ ਜਲਦੀ ਚੁੱਕ ਕੇ ਸ਼ਹਿਰ ਦੇ ਵਿੱਚ ਸਫਾਈ ਵੀ ਕਰ ਰਹੇ ਹਾਂ, ਪਰ ਅਧਿਕਾਰੀ ਵੱਲੋਂ ਦਿੱਤੇ ਗਏ ਇਹ ਜਵਾਬ ਕਿੱਥੋਂ ਤਕ ਜਾਇਜ਼ ਨੇ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕਿਉਂਕਿ ਜੇਕਰ ਕੂੜੇ ਦੀ ਸਮੱਸਿਆ ਨਾ ਹੋਵੇ ਅਤੇ ਸ਼ਹਿਰ ਵਿੱਚ ਸਫ਼ਾਈ ਹੋਵੇ ਤਾਂ ਲੋਕ ਫਿਰ ਆਨਲਾਈਨ ਸ਼ਿਕਾਇਤਾਂ ਕਿਉਂ ਕਰਨ।