ਰੂਪਨਗਰ: ਹੋਲੇ ਮੁਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਦੀ ਸਹੂਲਤ ਲਈ ਕੇਂਦਰ ਸਰਕਾਰ ਵਲੋਂ ਵੱਡੀ ਸੂਲਤ ਦਿੱਤੀ ਗਈ ਹੈ। ਹੁਣ ਚਾਰ ਰੇਲਗੱਡੀਆਂ ਨੂੰ ਘਨੌਲੀ ਰੇਲਵੇ ਸਟੇਸ਼ਨ ਉੱਤੇ ਰੁਕਣ ਦੀ ਹਰੀ ਝੰਡੀ ਮਿਲ ਗਈ ਹੈ। ਇਸ ਸੰਬੰਧੀ ਘਨੌਲੀ ਰੇਲਵੇ ਸਟੇਸ਼ਨ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਵਿਸ਼ੇਸ਼ ਉੱਦਮ ਸਦਕਾ ਸ਼੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸਿੱਖ ਸੰਗਤ ਦੀ ਸਹੂਲਤ ਲਈ ਭਾਰਤੀ ਰੇਲਵੇ ਨੇ ਨੰਗਲ ਅੰਮ੍ਰਿਤਸਰ ਰੇਲਗੱਡੀ, ਊਨਾ ਸਹਾਰਨਪੁਰ, ਜਨ ਸ਼ਤਾਬਦੀ ਰੇਲਗੱਡੀ, ਹਿਮਾਚਲ ਐਕਸਪ੍ਰੈਸ ਦਾ ਠਹਿਰ ਘਨੌਲੀ ਰੇਲਵੇ ਸਟੇਸ਼ਨ ਉੱਪਰ ਕਰਨ ਦਾ ਫੈਸਲਾ ਲਿਆ ਹੈ।
ਲੋਕਾਂ ਤੇ ਸੰਗਤ ਨੂੰ ਹੋਵੇਗੀ ਸਹੂਲਤ: ਉਹਨਾਂ ਦੱਸਿਆ ਕਿ ਇਸ ਬਾਬਤ ਚੇਅਰਮੈਨ ਲਾਲਪੁਰਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਚਿੱਠੀ ਲਿਖ ਕੇ ਸੰਗਤ ਦੀ ਸਹੂਲਤ ਲਈ ਇਹ ਰੇਲਗੱਡੀ ਸ੍ਰੀ ਆਨੰਦਪੁਰ ਸਾਹਿਬ ਰੋਕਣ ਦੀ ਮੰਗ ਕੀਤੀ ਸੀ ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੰਤਰੀ ਨੇ ਉਕਤ ਰੇਲਗੱਡੀਆਂ ਘਨੌਲੀ ਰੇਲਵੇ ਸਟੇਸ਼ਨ 'ਤੇ ਰੋਕਣ ਦੇ ਹੁਕਮ ਜਾਰੀ ਕੀਤੇ ਹਨ। ਅਜੈਵੀਰ ਲਾਲਪੁਰਾ ਨੇ ਦੱਸਿਆ ਕਿ ਇਹਨਾਂ ਰੇਲਗੱਡੀਆਂ ਦੇ ਰੁਕਣ ਨਾਲ ਜਿੱਥੇ ਘਨੌਲੀ ਇਲਾਕੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮੁਹੱਲਾ ਵਿੱਚ ਸ਼ਾਮਿਲ ਹੋਣ ਲਈ ਸੌਖ ਹੋਵੇਗੀ, ਉੱਥੇ ਹੀ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ ਖੇਤਰੇ ਲਾਗਲੀ ਸੰਗਤ ਨੂੰ ਵੀ ਸਹੂਲਤ ਮਿਲੇਗੀ।
ਸੰਗਤ ਨੇ ਵੰਡੇ ਲੱਡੂ: ਇਸ ਮੌਕੇ ਸੰਗਤ ਵਲੋਂ ਲੱਡੂ ਵੰਡੇ ਗਏ ਅਤੇ ਸਥਾਨਕ ਆਗੂਆਂ ਨੇ ਅਜੈਵੀਰ ਸਿੰਘ ਲਾਲਪੁਰਾ ਦਾ ਇਸ ਮੰਗ ਨੂੰ ਚੁੱਕਣ ਲਈ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਲਾਲਪੁਰਾ ਪਰਿਵਾਰ ਤੇ ਭਾਜਪਾ ਨੇ ਸਦਾ ਹੀ ਲੋਕ ਪੱਖੀ ਮੰਗਾਂ ਨੂੰ ਅਹਿਮੀਅਤ ਦਿੰਦੇ ਹੋਏ ਸਮੱਸਿਆਵਾਂ ਨੂੰ ਹੱਲ ਕੀਤਾ ਹੈ ਜਿਸ ਲਈ ਉਹ ਅਤਿ ਧੰਨਵਾਦੀ ਹਨ।
ਇਹ ਵੀ ਪੜ੍ਹੋ: Cultivation of Fruits and Vegetables: ਮੋਗਾ ਦੇ ਕਿਸਾਨ ਨੇ ਕਾਇਮ ਕੀਤੀ ਵਿਲੱਖਣ ਮਿਸਾਲ, ਸਪੀਕਰ ਨੇ ਵਧਾਇਆ ਮਾਣ
ਜਿਕਰਯੋਗ ਹੈ ਕਿ ਪਹਿਲਾਂ ਵੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਯਤਨਾਂ ਸਦਕਾ ਕਰੋਨਾ ਕਾਲ ਸਮੇਂ ਤੋਂ ਘਨੌਲੀ ਸਟੇਸ਼ਨ 'ਤੇ ਰੁਕਣੀਆਂ ਬੰਦ ਹੋਈਆਂ ਟਰੇਨਾਂ ਮੁੜ ਰੁਕਣੀਆਂ ਸ਼ੁਰੂ ਹੋ ਗਈਆਂ ਸਨ ਉੱਥੇ ਹੀ ਵੰਦੇ ਭਾਰਤ ਟਰੇਨ ਵੀ ਸੰਗਤ ਦੀ ਸਹੂਲਤ ਲਈ ਉਹਨਾਂ ਦੇ ਯਤਨਾਂ ਸਦਕਾ ਸ਼੍ਰੀ ਅਨੰਦਪੁਰ ਸਾਹਿਬ ਸਟੇਸ਼ਨ ਤੇ ਰੁਕਣੀ ਸ਼ੁਰੂ ਹੋ ਗਈ।