ਰੂਪਨਗਰ: ਜੈ ਜਵਾਨ ਜੈ ਕਿਸਾਨ, ਇਹ ਨਾਅਰਾ ਸਭ ਤੋਂ ਵੱਧ ਭਾਰਤ ਵਿੱਚ ਪ੍ਰਚੱਲਿਤ ਹੁੰਦਾ ਸੀ। ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਅਨਾਜ ਪੈਦਾਵਾਰ ਕਰਨ ਲਈ ਕਿਸਾਨ ਦੀ ਜੈ ਜੈ ਕਾਰ ਹੁੰਦੀ ਸੀ ਪਰ ਹੁਣ ਪੰਜਾਬ ਦੇ ਕਿਸਾਨ ਉੱਤੇ ਜੈ ਕਿਸਾਨ ਦਾ ਨਾਅਰਾ ਪਹਿਲਾਂ ਵਾਂਗ ਨਹੀਂ ਢੁੱਕਦਾ।
ਰੂਪਨਗਰ ਵਿੱਚ ਮੌਜੂਦ ਮੱਕੀ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਹਰਮੇਸ਼ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਪਣਾ ਦੁੱਖ ਸਾਂਝਾ ਕੀਤਾ। ਨੂਰਪੁਰ ਬੇਦੀ ਇਲਾਕੇ ਨਾਲ ਸਬੰਧਤ ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਾਰ ਝੋਨੇ ਦਾ ਰਕਬਾ ਘਟਾ ਕੇ ਮੱਕੀ ਦਾ ਰਕਬਾ ਵਧਾਇਆ ਹੈ।
ਇਸ ਵਾਰ ਉਸ ਵੱਲੋਂ ਗਰਮੀਆਂ ਦੇ ਵਿੱਚ ਹੀ ਮੱਕੀ ਬੀਜੀ ਗਈ ਹੈ ਪਰ ਉਸ ਨੂੰ ਹੁਣ ਮੱਕੀ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਬਲਕਿ ਵਿਚੋਲੀਏ ਉਨ੍ਹਾਂ ਤੋਂ ਸਸਤੇ ਭਾਅ ਮੱਕੀ ਖ਼ਰੀਦ ਕੇ ਅੱਗੇ ਹਿਮਾਚਲ ਪ੍ਰਦੇਸ਼ ਜਿੱਥੇ ਫੀਡ ਬਣਾਉਣ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨ ਉਨ੍ਹਾਂ ਨੂੰ ਮਹਿੰਗੇ ਭਾਅ ਉੱਤੇ ਵੇਚ ਦਿੰਦੇ ਹਨ ਅਤੇ ਆਪ ਵਧੀਆ ਮੁਨਾਫਾ ਕਮਾਉਂਦੇ ਹਨ।
ਕਿਸਾਨ ਦਾ ਕਹਿਣਾ ਹੈ ਕਿ ਉਹ ਫੀਡ ਸਾਨੂੰ ਬਾਅਦ ਵਿੱਚ ਮਹਿੰਗੇ ਭਾਅ ਉੱਤੇ ਮਿਲਦੀ ਹੈ ਜਿਨ੍ਹਾਂ ਨੂੰ ਅਸੀਂ ਸਸਤੇ ਭਾਅ ਉੱਤੇ ਵਿਚੋਲਿਆਂ ਰਾਹੀਂ ਆਪਣੀ ਮੱਕੀ ਵੇਚਦੇ ਹਾਂ। ਰੂਪਨਗਰ ਜ਼ਿਲ੍ਹੇ ਦੇ ਸ੍ਰੀ ਅਨੰਦਪੁਰ ਸਾਹਿਬ ਨੂਰਪੁਰ ਬੇਦੀ ਇਲਾਕੇ ਦੇ ਵਿੱਚ ਮੱਕੀ ਦੀ ਬੰਪਰ ਪੈਦਾਵਾਰ ਹੁੰਦੀ ਹੈ ਪਰ ਜ਼ਿਲ੍ਹੇ ਦੇ ਵਿੱਚ ਮੱਕੀ ਨੂੰ ਵੇਚਣ ਵਾਸਤੇ ਕੋਈ ਵੀ ਮੰਡੀ ਦਾ ਪ੍ਰਬੰਧ ਨਹੀਂ ਹੈ।
ਇਸ ਕਿਸਾਨ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੂਪਨਗਰ ਜ਼ਿਲ੍ਹੇ ਦੇ ਵਿੱਚ ਮੱਕੀ ਨੂੰ ਵੇਚਣ ਲਈ ਮੰਡੀ ਦਾ ਪ੍ਰਬੰਧ ਕਰਨ ਅਤੇ ਮੱਕੀ ਦੀ ਵੇਚ ਦਾ ਸਹੀ ਮੁੱਲ ਕਿਸਾਨ ਨੂੰ ਮਿਲੇ ਤਾਂ ਜੋ ਜ਼ਿਮੀਂਦਾਰ ਦੀ ਲੁੱਟ-ਖਸੁੱਟ ਬੰਦ ਹੋ ਸਕੇ।