ਰੂਪਨਗਰ: ਸਥਾਨਕ ਆਰਟੀਆਈ ਐਕਟੀਵਿਸਟ ਵਕੀਲ ਦਿਨੇਸ਼ ਚੱਡਾ ਨੇ ਰੂਪਨਗਰ ਵਿੱਚ ਨਾਜਾਇਜ਼ ਮਾਈਨਿੰਗ ਹੋਣ ਦਾ ਇਲਜ਼ਾਮ ਲਾਇਆ ਹੈ। ਇਸ ਬਾਰੇ ਦਿਨੇਸ਼ ਚੱਡਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਖ਼ੁਲਾਸਾ ਕੀਤਾ। ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਰਟੀਆਈ ਐਕਟੀਵਿਸਟ ਦਿਨੇਸ਼ ਚੱਡਾ ਨੇ ਦੱਸਿਆ ਕਿ ਰੂਪਨਗਰ ਵਿੱਚ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ, ਜਿਸ ਬਾਰੇ ਉਨ੍ਹਾਂ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਜਾਣਕਾਰੀ ਦਿੱਤੀ ਸੀ।
ਇਸ ਤੋਂ ਬਾਅਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਨਵਰੀ 2019 ਵਿੱਚ ਰੂਪਨਗਰ ਪ੍ਰਸ਼ਾਸਨ ਨੂੰ ਗ਼ੈਰ-ਕਾਨੂੰਨੀ ਮਾਈਨਿੰਗ ਤੇ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਤੇ ਹੋਰ ਵੱਖ-ਵੱਖ ਪਹਿਲੂਆਂ ਪ੍ਰਤੀ ਨਿਰਦੇਸ਼ ਜਾਰੀ ਕਰ ਕਾਰਵਾਈ ਕਰਨ ਦੇ ਹੁਕਮ ਕੀਤੇ ਸਨ। ਇਸ ਦੇ ਬਾਵਜੂਦ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਤੇ ਮਾਈਨਿੰਗ ਮਹਿਕਮੇ ਦੇ ਸਬੰਧਤ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਤੇ ਕੋਈ ਵੀ ਐਕਸ਼ਨ ਤੇ ਕੰਮ ਅਮਲੀ ਰੂਪ ਵਿੱਚ ਨਹੀਂ ਕੀਤਾ ਗਿਆ।
ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਇਹ ਖ਼ੁਲਾਸਾ ਆਰਟੀਆਈ ਲੈ ਕੇ ਕੀਤਾ ਗਿਆ। ਦਿਨੇਸ਼ ਚੱਡਾ ਨੇ ਇਹ ਵੀ ਦੋਸ਼ ਲਾਇਆ ਕਿ ਸਥਾਨਕ ਵੱਡੇ ਕਾਂਗਰਸ ਦੇ ਲੀਡਰ ਦੀ ਸ਼ਹਿ 'ਤੇ ਸਾਰਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਰੋਕਣ ਵਾਸਤੇ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਦਿਨੇਸ਼ ਚੱਡਾ ਵੱਲੋਂ ਆਰਟੀਆਈ ਰਾਹੀਂ ਕੀਤੇ ਇਸ ਖ਼ੁਲਾਸੇ ਤੋਂ ਬਾਅਦ ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਨੂੰ ਰੋਕਣ ਵਾਸਤੇ ਕੀ ਠੋਸ ਕਦਮ ਚੁੱਕਦੀ ਹੈ ਤੇ ਦੂਜੇ ਪਾਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਖ਼ਬਰ ਤੋਂ ਬਾਅਦ ਕੀ ਰੁੱਖ ਅਪਣਾਉਂਦਾ ਹੈ?