ਰੂਪਨਗਰ: ਸ਼ਹਿਰ ਦੇ ਵਿੱਚ ਜਨਤਾ ਦੀ ਸਹੂਲਤ ਵਾਸਤੇ ਪਖ਼ਾਨੇ ਬਣਾਏ ਗਏ ਹਨ ਪਰ ਉਹ ਪਖ਼ਾਨਿਆਂ ਦੇ ਪ੍ਰਸ਼ਾਸਨ ਵੱਲੋਂ ਮੋਟੇ ਮੋਟੇ ਜਿੰਦੇ ਜੜ ਦਿੱਤੇ ਗਏ ਹਨ। ਹੁਣ ਤਾਂ ਲੋਕ ਵੀ ਇਹ ਕਹਿਣ ਲੱਗ ਪਏ ਹਨ ਕਿ " ਕਿ ਜਿੰਦੇ ਹੀ ਲਗਾਉਣੇ ਸਨ ਤਾਂ ਇਹ ਪਖ਼ਾਨੇ ਬਣਵਾਏ ਕਿਉਂ?" ਇਹ ਸਵਾਲ ਆਮ ਜਨਤਾ ਵੱਲੋਂ ਨਗਰ ਕੌਂਸਲ ਨੂੰ ਪੁੱਛਿਆ ਜਾ ਰਿਹਾ ਹੈ।
ਕੀ ਹੈ ਪੁਰਾ ਮਾਮਲਾ?
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਭੇਜੀ ਗਈ ਸੀ। ਇਹ ਪੈਸੇ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਨਤਾ ਦੀ ਸਹੂਲਤ ਵਾਸਤੇ ਪਖ਼ਾਨਿਆਂ ਦੀ ਉਸਾਰੀ ਲਈ ਖ਼ਰਚ ਕੀਤੇ ਗਏ ਸਨ।
ਇਨ੍ਹਾਂ ਪਖ਼ਾਨਿਆਂ ਦੀ ਉਸਾਰੀ ਰੂਪਨਗਰ ਦੇ ਬੱਚਤ ਚੌਕ, ਗਊਸ਼ਾਲਾ ਰੋਡ ਤੇ ਹਰਗੋਬਿੰਦ ਨਗਰ ਦੇ ਵਿੱਚ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਵਿੱਚ ਪਹਿਲਾਂ ਤੋਂ ਬਣੇ ਪੁਰਾਣੇ ਪਖ਼ਾਨਿਆਂ ਦੀ ਵੀ ਮੁਰੰਮਤ ਕੀਤੀ ਗਈ ਹੈ। ਨਗਰ ਕੌਂਸਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਕਾਰਜਾਂ 'ਤੇ ਕਰੀਬ 10 ਤੋਂ 12 ਲੱਖ ਰੁਪਏ ਦਾ ਖਰਚਾ ਵੀ ਆਇਆ ਹੈ।
ਈਟੀਵੀ ਭਾਰਤ ਦੀ ਟੀਮ ਨੇ ਕੀਤਾ ਰਿਐਲਿਟੀ ਚੈੱਕ
ਪਰ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਸ਼ਹਿਰ ਦੇ ਵਿੱਚ ਉਸਾਰੇ ਗਏ ਨਵੇਂ ਪਾਖਾਨਿਆਂ ਦਾ ਜਾਇਜ਼ਾ ਲਿਆ ਤਾਂ ਇਨ੍ਹਾਂ ਪ੍ਰੋਜੈਕਟਾਂ ਦੀ ਅਸਲ ਤਸਵੀਰ ਸਾਹਮਣੇ ਆ ਗਈ। ਇਨ੍ਹਾਂ ਪਖ਼ਾਨਿਆਂ ਦੇ ਦਰਵਾਜ਼ਿਆਂ 'ਤੇ ਜਿੰਦੇ ਜੜੇ ਗਏ ਹਨ। ਹੁਣ ਦੇਖਨਾ ਇਹ ਹੋਵੇਗਾ ਕੀ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਹੈ ਜਾਂ ਨਹੀਂ ?