ਰੂਪਨਗਰ: ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ ਜਿਸ ਸਦਕਾ ਲੋਕਾਂ ਨੂੰ ਸਿਹਤ ਸਹੂਲਤਾਂ ਵਿੱਚ ਚੰਗੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਕੀਤਾ ਗਿਆ।
'ਲਿਮਟਿਡ ਕੰਪਨੀ ਨੂੰ 11 ਲੱਖ 98 ਹਜ਼ਾਰ ਰੁਪਏ ਜ਼ੁਰਮਾਨਾ': ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ‘ਚ ਆਮ ਆਦਮੀ ਦੀ ਸਰਕਾਰ ਆਉਂਦਿਆਂ ਸਾਰ ਉਹਨਾਂ ਵੱਲੋਂ 108 ਐਂਬੂਲੈਂਸ ਸੇਵਾਵਾਂ ਦੇ ਮਾੜੇ ਪ੍ਰਬੰਧਾਂ ਦਾ ਨੋਟਿਸ ਲੈਂਦਿਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਕੋਲ ਇਸ ਸਬੰਧੀ ਲਾਪ੍ਰਵਾਹੀ ਵਰਤਣ ਵਾਲੇ ਮੈਸਰਜ਼ ਜ਼ਿਕਿਤਜ਼ਾ ਹੈਲਥ ਕੇਅਰ ਲਿਮਟਿਡ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ ਜਿਸ ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਇਸ ਲਿਮਟਿਡ ਕੰਪਨੀ ਨੂੰ 11 ਲੱਖ 98 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ।
ਰੋਪੜ ਦੇ ਵੱਖ-ਵੱਖ ਹਸਪਤਾਲਾਂ ਵਿੱਚ 108 ਐਂਬੂਲੈਂਸਾਂ ਦਾ ਅਚਨਚੇਤ ਕੀਤਾ ਗਿਆ ਸੀ ਨਿਰੀਖਣ: ਇਸੇ ਦੌਰਾਨ ਐਡਵੋਕੇਟ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਰੋਪੜ ਦੇ ਵੱਖ-ਵੱਖ ਹਸਪਤਾਲਾਂ ਵਿੱਚ 108 ਐਂਬੂਲੈਂਸਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਸੀ ਜਿੱਥੇ 108 ਐਂਬੂਲੈਂਸਾਂ ਵਿੱਚ ਵੱਡੀਆਂ ਕਮੀਆਂ ਪਾਈਆਂ ਗਈਆਂ ਸਨ। ਸਰਕਾਰੀ ਹਸਪਤਾਲ ਸਿੰਘਪੁਰ ਨੂਰਪੁਰ ਬੇਦੀ ਵਿੱਚ ਰੱਖੀ 108 ਐਂਬੂਲੈਂਸ ਵਿੱਚ ਆਕਸੀਜਨ ਦੀ ਪਾਈਪ ਹੀ ਨਹੀਂ ਸੀ ਜਦਕਿ ਇਸ ਐਂਬੂਲੈਂਸ ਦੀ ਮਕੈਨੀਕਲ ਸਰਵਿਸ ਵੀ ਕਾਫੀ ਸਮੇਂ ਤੋਂ ਨਹੀਂ ਹੋਈ ਸੀ।
ਇਸੇ ਤਰ੍ਹਾਂ ਸਰਕਾਰੀ ਹਸਪਤਾਲ ਰੋਪੜ ਦੀ ਐਂਬੂਲੈਂਸ ਵੀ ਆਕਸੀਜਨ ਪਾਈਪਾਂ ਤੋਂ ਬਿਨ੍ਹਾਂ ਸੀ ਅਤੇ ਇੱਥੋਂ ਤੱਕ ਕਿ ਇਸ ਦੇ ਟਾਇਰ ਅਤੇ ਹਾਲਾਤ ਬਹੁਤ ਹੀ ਖ਼ਤਰਨਾਕ ਹਾਲਤ ਵਿੱਚ ਸਨ ਜੋ ਕਿ ਮੈਸਰਜ਼ ਜ਼ੀਕਿਟਤਜ਼ਾ ਹੈਲਥ ਕੇਅਰ ਲਿਮਟਿਡ ਦੇ ਪ੍ਰਬੰਧਕਾਂ ਦੀ ਅਣਗਹਿਲੀ ਨੂੰ ਦਰਸਾਉਂਦੇ ਸਨ ਤੇ ਹੋਰ ਵੀ ਬਹੁਤ ਸਾਰੀਆਂ ਕਮੀਆਂ ਪਾਈਆ ਗਈਆਂ ਸਨ।
ਇਸੇ ਤਹਿਤ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸੂਬੇ ਭਰ ਵਿੱਚ ਸਿਹਤ ਵਿਭਾਗ ਵਲੋਂ ਐਂਬੂਲੈਂਸਾਂ ਦੀ ਚੈਕਿੰਗ ਕੀਤੀ ਗਈ। ਜਿਸਦੇ ਖ਼ਿਲਾਫ਼ ਉਹਨਾਂ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਨੂੰ ਬਤੌਰ ਵਿਧਾਇਕ ਪੱਤਰ ਲਿਖਿਆ ਗਿਆ ਸੀ ਜਿਸ ‘ਤੇ ਕਾਰਵਾਈ ਕਰਦਿਆਂ ਵਿਭਾਗ ਨੇ ਇਸ ਕੰਪਨੀ ਉੱਤੇ ਜ਼ੁਰਮਾਨਾ ਲਾਇਆ। ਜਿਸ ਕਾਰਨ ਹੁਣ ਸੂਬੇ ਵਿੱਚ ਚੱਲ ਰਹੀਆਂ 108 ਐਂਬੂਲੈਂਸਾਂ ਵਿੱਚ ਵੱਡਾ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਜ਼ਿਕਰ ਵੀ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਇਨ੍ਹਾਂ ਐਂਬੂਲੈਂਸਾਂ ਦੀਆਂ ਸੇਵਾਵਾਂ ਵਿਚ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਪਿੰਡਾਂ ਵਿਚ ਵਿਕਾਸ ਦੇ ਟੀਚੇ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼