ਰੋਪੜ: ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਰੂਪਨਗਰ ਦੇ ਨਹਿਰੂ ਸਟੇਡੀਅਮ ਮਿਸ਼ਨ ਤੰਦਰੁਸਤ ਪੰਜਾਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਅੰਡਰ-25 (ਮੈਨ-ਵੂਮੈਨ) ਦੇ ਖੇਡ ਮੁਕਾਬਲਿਆਂ ਦਾ ਆਗਾਜ਼ ਕੀਤਾ ਗਿਆ। ਇਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਗੁਜਰਾਲ ਵੱਲੋਂ ਕੀਤਾ ਗਿਆ।
ਅਮਰਦੀਪ ਸਿੰਘ ਗੁਜਰਾਲ ਨੇ ਤਿਰੰਗੇ ਦੇ ਰੰਗਾਂ ਵਾਲੇ ਗੁਬਾਰਿਆਂ ਸਮੇਤ ਬੈਨਰ ਆਸਮਾਨ ਵਿੱਚ ਛੱਡ ਕੇ ਰਸਮੀ ਤੌਰ 'ਤੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਉਪਰੰਤ ਉਨ੍ਹਾਂ ਵੱਲੋਂ ਫੁੱਟਬਾਲ ਗੇਮ ਦੀਆਂ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼ੀਲ ਭਗਤ ਵੱਲੋਂ ਮੁੱਖ ਮਹਿਮਾਨਾਂ, ਆਏ ਹੋਏ ਸੱਜਣ ਪਤਵੰਤਿਆਂ, ਕੋਚਾਂ ਅਤੇ ਸਿੱਖਿਆ ਵਿਭਾਗ ਦੇ ਪੀ.ਟੀ.ਆਈ. ਅਤੇ ਡੀ.ਪੀ. ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਡਰ-25 ਮੈਨ-ਵੂਮੈਨ ਦੇ ਮੁਕਾਬਲਿਆਂ ਵਿੱਚ ਲਗਭਗ 1500 ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਦੁਪਿਹਰ ਦਾ ਖਾਣਾ ਦਿੱਤਾ ਜਾ ਰਿਹਾ ਹੈ।
ਇਨ੍ਹਾਂ ਖੇਡਾਂ ਵਿੱਚ ਅੰਡਰ-25 ਉਮਰ ਵਰਗ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਨ੍ਹਾਂ ਖੇਡਾਂ ਵਿੱਚੋਂ ਮੈਰਿਟ ਦੇ ਅਧਾਰ 'ਤੇ ਖਿਡਾਰੀਆਂ ਦੀ ਚੋਣ ਕਰਕੇ ਪੰਜਾਬ ਰਾਜ ਪੱਧਰ ਮੁਕਾਬਲਿਆਂ ਵਿੱਚ ਟੀਮਾਂ ਭੇਜੀਆਂ ਜਾਣਗੀਆਂ। ਇਨ੍ਹਾਂ ਖੇਡਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਮੈਡਲ ਅਤੇ ਮੈਰਿਟ ਸਰਟੀਫਿਕੇਟ ਵੀ ਦਿੱਤੇ ਜਾਣਗੇ।