ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁੱਦਾ ਸੰਭਾਲਣ ਉਪਰੰਤ ਸ੍ਰੀਮਤੀ ਪ੍ਰੀਤੀ ਯਾਦਵ ਆਈ.ਏ.ਐਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਕੀਰਤਣ ਸਰਵਣ ਕੀਤਾ। ਉਨ੍ਹਾਂ ਦਾ ਤਖਤ ਸਾਹਿਬ ਵਿਖੇ ਮੈਨੇਜਰ ਗੁਰਦੀਪ ਸਿੰਘ ਕੰਗ ਤੇ ਵਧੀਕ ਮੈਨੇਜਰ ਹਰਦੇਵ ਸਿੰਘ ਨੇ ਸਿਰਾਪਾਓ ਤੇ ਤਖਤ ਸਾਹਿਬ ਦੀ ਯਾਦਗਾਰੀ ਤਸਵੀਰ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਵਿਸੇਸ਼ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਕਿਹਾ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਦੂਰ ਦੁਰਾਂਡੇ ਪੇਡੂ ਖੇਤਰਾਂ ਵਿੱਚ ਰਹਿ ਰਹੇ ਯੋਗ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ, ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹਰ ਜਰੂਰਤਮੰਦ ਨੂੰ ਉਸ ਦੀ ਬੁਨਿਆਦੀ ਜਰੂਰਤ ਮੁਹੱਇਆ ਕਰਵਾਉਣ ਲਈ ਸਰਕਾਰ ਵੱਲੋਂ ਵਿਸੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਜਮੀਨੀ ਪੱਧਰ ਤੱਕ ਪਹੁੰਚਾਉਣ ਲਈ ਵਿਸੇਸ਼ ਉਪਰਾਲੇ ਕੀਤੇ ਜਾਣਗੇ।
ਇਸ ਇਲਾਕੇ ਦੀ ਇੱਕ ਵੱਡੀ ਸਮੱਸਿਆ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਅਨੁਸਾਰ ਜਲਦੀ ਢੁੱਕਵੇ ਫੈਸਲੇ ਲਏ ਜਾਣਗੇ, ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨੀ ਪ੍ਰਸਾਸ਼ਨ ਦੀ ਜਿੰਮੇਵਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਖਣਨ ਅਤੇ ਨਜਾਇਜ ਖਣਨ ਬਾਰੇ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕੀਤੀ ਜਾਵੇਗੀ, ਨਸ਼ਿਆ ਦੀ ਰੋਕਥਾਮ ਲਈ ਵਿਸੇਸ਼ ਉਪਰਾਲੇ ਕੀਤੇ ਜਾਣਗੇ। ਰੀਹੈਬਈਲੇਸ਼ਨ ਸੈਂਟਰ ਦੀ ਸੁਚਾਰੂ ਵਿਵਸਥਾ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਹਨ, ਕੀਰਤਣ ਸਰਵਣ ਕੀਤਾ ਹੈ, ਮਨ ਨੂੰ ਬੜਾ ਸਕੂਨ ਮਿਲਿਆ ਹੈ। ਪਹਿਲਾ ਵੀ ਹੋਲਾ-ਮਹੱਲਾ ਮੌਕੇ ਇਥੇ ਡਿਊਟੀ ਕੀਤੀ ਹੈ, ਇਸ ਧਾਰਮਿਕ ਸਥਾਨ,ਪਵਿੱਤਰ ਤੇ ਇਤਿਹਾਸਕ ਨਗਰੀ ਦੀ ਸੇਵਾ ਦੀ ਜ਼ਿੰਮੇਵਾਰੀ ਮਿਲੀ ਹੈ, ਉਸ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਇਆ ਜਾਵੇਗਾ।
ਇਹ ਵੀ ਪੜੋ:- ਪੰਜਾਬੀ ਯੂਨੀਵਰਸਿਟੀ ਕੋਲ ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ !