ਰੂਪਨਗਰ: ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਅਜੇ ਵੀ ਧੜੱਲੇ ਨਾਲ ਜਾਰੀ ਹੈ। ਤਾਜ਼ਾ ਮਾਮਲਾ ਰੂਪਨਗਰ ਦੇ ਪਿੰਡ ਬੜੀ ਹਵੇਲੀ ਦਾ ਹੈ ਜਿੱਥੇ ਰਾਤ ਦੇ ਹਨੇਰੇ ਦੇ ਵਿੱਚ ਨਾਜਾਇਜ਼ ਮਾਈਨਿੰਗ ਦਾ ਕਾਲਾ ਕਾਰੋਬਾਰ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਰੂਪਨਗਰ ਪੁਲਿਸ ਨੇ ਅੱਠ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਫਤੀਸ਼ ਅਜੇ ਵੀ ਜਾਰੀ ਹੈ।
ਜਾਣਕਾਰੀ ਮੁਤਾਬਕ ਪਿੰਡ ਵਿੱਚ ਪੈਂਦੇ ਦਰਿਆ ਵਿੱਚੋਂ ਕੁੱਝ ਲੋਕ ਦੇਰ ਰਾਤ ਹਨੇਰੇ ਦੇ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਕਰ ਰਹੇ ਸਨ, ਜਦੋਂ ਇਸ ਮਾਈਨਿੰਗ ਦੀ ਜਾਣਕਾਰੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਸਾਮਾਨ ਨੂੰ ਜਬਤ ਕਰ ਲਿਆ ਗਿਆ। ਇਸ ਜਬਤ ਕੀਤੇ ਸਮਾਨ ਵਿੱਚ ਜੇਸੀਬੀ ਮਸ਼ੀਨ, ਟਰੱਕ ਅਤੇ ਇੱਕ ਕਾਲੇ ਰੰਗ ਦੀ ਗੱਡੀ ਮੌਜੂਦ ਹੈ।
ਇਸ ਤੋਂ ਬਾਅਦ ਰੂਪਨਗਰ ਪੁਲਿਸ ਨੇ ਜੂਨੀਅਰ ਇੰਜੀਨੀਅਰ ਕਮ ਮਾਈਨਿੰਗ ਇੰਸਪੈਕਟਰ ਨਿਸ਼ਾਂਤ ਕੁਮਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਨਾਜਾਇਜ਼ ਮਾਈਨਿੰਗ ਕਰ ਰਹੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸਣਯੋਗ ਹੈ ਕਿ ਰੂਪਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ 30 ਸਤੰਬਰ ਤੱਕ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ 'ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਇਸ ਦੇ ਬਾਵਜੂਦ ਵੀ ਜ਼ਿਲ੍ਹੇ ਵਿੱਚ ਚੋਰੀ ਚੁੱਪੇ ਗੈਰ ਕਾਨੂੰਨੀ ਮਾਈਨਿੰਗ ਦੀਆਂ ਖਬਰਾਂ ਅਕਸਰ ਸੁਰਖੀਆਂ ਦੇ ਵਿੱਚ ਆ ਰਹੀਆਂ ਹਨ।