ਸ੍ਰੀ ਅਨੰਦਪੁਰ ਸਾਹਿਬ: ਇੱਥੋ ਦੇ ਪਿੰਡ ਝ੍ਹੱਖੀਆਂ-ਬੇਲੀਆਂ ਵਿੱਚ ਹੜ੍ਹਾਂ ਨਾਲ ਬਹੁਤ ਨੁਕਸਾਨ ਹੋਇਆ ਹੈ। ਇਹ ਪਿੰਡ ਸਤਲੁਜ ਕੰਢੇ ਪੈਂਦਾ ਹੈ ਜਿਸ ਨੂੰ ਬੇਲਾ ਖੇਤਰ ਵੀ ਕਿਹਾ ਜਾਂਦਾ ਹੈ। ਜਦੋਂ 15 ਅਗਸਤ ਨੂੰ ਭਾਰੀ ਵੀ ਮੀਂਹ ਪੈਣ ਕਾਰਨ ਭਾਖੜਾ ਡੈਮ ਵਲੋਂ ਪਾਣੀ ਛੱਡਿਆ ਗਿਆ ਸੀ, ਇਸ ਕਰਕੇ ਇਨ੍ਹਾਂ ਪਿੰਡਾਂ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣ ਗਏ ਸਨ। ਪਿੰਡਵਾਸੀਆਂ ਦੀ ਝੋਨੇ ਅਤੇ ਮੱਕੀ ਦੀ ਫਸਲ ਬਰਬਾਦ ਹੋ ਚੁੱਕੀ ਹੈ। ਜਦੋਂ ਈਟੀਵੀ ਭਾਰਤ ਦੀ ਟੀਮ ਇਸ ਪਿੰਡ ਵਿੱਚ ਪਹੁੰਚੀ, ਤਾਂ ਵਾਸੀਆਂ ਨੇ ਦੱਸਿਆ ਕਿ ਤੁਹਾਡੇ ਤੋਂ ਪਹਿਲਾਂ ਇੱਥੇ ਹਾਲ ਜਾਣਨ ਕੋਈ ਨਹੀਂ ਪਹੁੰਚਿਆਂ, ਇੱਥੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਵੀ ਨਹੀਂ।
ਕਿਸੇ ਅਧਿਕਾਰੀ ਨੇ ਸਾਰ ਨਹੀਂ ਲਈ: ਕਿਸਾਨ ਮੋਹਣੀ ਅਤੇ ਭਾਗ ਸਿੰਘ ਨੇ ਦੱਸਿਆ ਕਿ ਹੜ੍ਹ ਵਾਲੇ ਪਾਣੀ ਕਾਰਨ ਝੋਨੇ ਦੀ ਫਸਲ ਸਾਰੀ ਡੁੱਬ ਚੁੱਕੀ ਹੈ। ਕੋਈ ਵੀ ਅਧਿਕਾਰੀ ਸਾਡੇ ਤੱਕ ਨਹੀਂ ਪਹੁੰਚਿਆ। ਉਨ੍ਹਾਂ ਨੇ ਆਪਣੇ ਆਪ ਹੀ ਆਪਣੀਆਂ ਕਿਸ਼ਤੀਆਂ ਬਣਾ ਕੇ ਹੜ੍ਹ ਦੇ ਹਾਲਾਤਾਂ ਵਿੱਚ ਅਪਣਾ ਬਚਾਅ ਕਾਰਜ ਖੁਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ, ਪਾਣੀ ਘੱਟਣ ਦੇ ਕਾਰਣ ਹੜ੍ਹ ਤੋਂ ਰਾਹਤ ਮਿਲੀ ਹੈ, ਉੱਥੇ ਹੀ ਹੁਣ ਕਿਸਾਨਾਂ ਨੂੰ ਆਪਣੀਆਂ ਪੁੱਤਾਂ ਵਾਂਗ ਪਾਲੀ ਫਸਲਾਂ ਦੀ ਸਮੱਸਿਆ ਡਰ ਸਤਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ। ਪਾਣੀ ਖੜ੍ਹਨ ਕਾਰਨ ਫਸਲਾਂ ਗਲ ਚੁੱਕੀਆਂ ਹਨ। ਸਤਲੁਜ ਦਰਿਆ ਦੇ ਕਿਨਾਰੇ ਬਸੇ ਪਿੰਡ ਝ੍ਹੱਖੀਆਂ-ਬੇਲੀਆਂ, ਜਿੱਥੇ ਪਰਿਵਾਰ ਖੇਤੀਬਾੜੀ ਅਤੇ ਦੁਧ ਦੇ ਕਾਰੋਬਾਰ ਉੱਤੇ ਹੀ ਨਿਰਭਰ ਹਨ, ਹੁਣ ਇਨ੍ਹਾਂ ਵਲੋਂ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾ ਪਸ਼ੂਆਂ ਲਈ ਚਾਰਾ ਨਸੀਬ ਹੋ ਰਿਹਾ ਹੈ ਜਿਸ ਕਾਰਨ ਦੁੱਧ ਦੇ ਕਾਰੋਬਾਰ ਉੱਤੇ ਅਸਰ ਪੈ ਰਿਹਾ, ਜੋ ਕਿ ਕਮਾਈ ਦਾ ਸਾਧਨ ਹੈ।
ਪ੍ਰਸ਼ਾਸਨ ਤੋਂ ਮੰਗ: ਜ਼ਿਕਰਯੋਗ ਹੈ ਕਿ ਜੇ ਗੱਲ ਕੀਤੀ ਜਾਵੇ ਰਾਹਤ ਦੀ ਹੜ੍ਹਾਂ ਦੌਰਾਨ ਦੀ, ਤਾਂ ਕੁਝ ਸਮੇਂ ਲਈ ਸਰਕਾਰ ਜਾਂ ਸਮਾਜ ਸੇਵੀ ਜਥੇਬੰਦੀਆਂ ਹੜ੍ਹਾਂ ਤੋਂ ਪੀੜਤ ਇਨ੍ਹਾਂ ਪਰਿਵਾਰਾਂ ਦੀ ਮਦਦ ਤਾਂ ਕਰ ਸਕਦੀਆਂ ਹਨ, ਪਰ ਕਿਤੇ ਨਾ ਕਿਤੇ ਬਾਕੀ ਸਮੇਂ ਲਈ ਜਦੋਂ ਫ਼ਸਲਾਂ ਹੀ ਬਰਬਾਦ ਹੋ ਚੁੱਕੀਆਂ ਹਨ, ਤਾਂ ਅੱਗੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬੜਾ ਹੀ ਮੁਸ਼ਕਿਲ ਸਾਬਿਤ ਹੋਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੰਬੇ ਸਮੇਂ ਲਈ ਪਰਿਵਾਰਾਂ ਨੂੰ ਰਾਸ਼ਨ ਅਤੇ ਹਰਾ ਚਾਰਾ ਵੰਡਣਾ ਚਾਹੀਦਾ ਹੈ, ਤਾਂ ਜੋ ਜਦੋਂ ਤੱਕ ਇਹ ਪਰਿਵਾਰ ਹੜ੍ਹਾਂ ਦੀ ਮਾਰ ਤੋਂ ਸੰਭਲ ਨਾ ਜਾਣ ਇਨ੍ਹਾਂ ਦੀ ਮਦਦ ਹੋ ਸਕੇ।