ਰੂਪਨਗਰ: ਇੱਕ ਪਾਸੇ ਜਿੱਥੇ ਕੋਰੋਨਾ ਦੀ ਮਹਾਂਮਾਰੀ ਚੱਲ ਰਹੀ ਹੈ ਉੱਥੇ ਹੀ ਸਿਹਤ ਮਹਿਕਮੇ ਅਤੇ ਇਸ ਦੇ ਕਰਮਚਾਰੀਆਂ ਦਾ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਰੂਪਨਗਰ ਦੇ ਸਿਹਤ ਮਹਿਕਮੇ ਵਿੱਚ ਕੰਮ ਕਰ ਰਹੇ ਸਕਿਓਰਿਟੀ ਗਾਰਡ ਅਤੇ ਹੋਰ ਵਰਕਰ ਇਸ ਮਹਾਂਮਾਰੀ ਦੇ ਦੌਰਾਨ ਲਗਾਤਾਰ ਡਿਊਟੀ ਨਿਭਾ ਰਹੇ ਹਨ।
ਰੂਪਨਗਰ ਦੇ ਸਿਵਲ ਸਰਜਨ ਵੱਲੋਂ ਅੱਜ ਇੱਕ ਸਕਿਓਰਿਟੀ ਮੁਲਾਜ਼ਮ ਦੇ ਨਾਲ ਬਦਸਲੂਕੀ ਕਰ ਉਸ ਨਾਲ ਗਾਲੀ ਗਲੋਚ ਕੀਤੀ ਜਿਸ ਤੋਂ ਖਫਾ ਹੋ ਕੇ ਦਰਜਾ ਚਾਰ ਮੁਲਾਜ਼ਮਾਂ ਸਫਾਈ ਸੇਵਕਾਂ ਅਤੇ ਸਕਿਓਰਿਟੀ ਗਾਰਡ ਵੱਲੋਂ ਸਰਕਾਰੀ ਹਸਪਤਾਲ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਤੋਂ ਬਾਅਦ ਗੁੱਸੇ ਵਿੱਚ ਆਏ ਵਰਕਰਾਂ ਨੇ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਸਿਵਲ ਸਰਜਨ ਦੀ ਤੁਰੰਤ ਬਦਲੀ ਦੀ ਮੰਗ ਕੀਤੀ। ਪੀੜਤ ਸਕਿਓਰਿਟੀ ਗਾਰਡ ਨੇ ਦੱਸਿਆ ਕਿ ਸਵੇਰੇ ਸਿਵਲ ਸਰਜਨ ਨੇ ਉਸ ਨੂੰ ਬੁਲਾ ਕੇ ਉਸ ਨਾਲ ਬਦਸਲੂਕੀ ਕੀਤੀ।
ਉੱਧਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਦੇ ਚੱਲਦੇ ਲਗਾਤਾਰ ਨਾਨ ਸਟਾਪ ਡਿਊਟੀ ਨਿਭਾ ਰਹੇ ਹਨ। ਮਹਿਕਮੇ ਵੱਲੋਂ ਸਾਰ ਤਾਂ ਕੀ ਲੈਣੀ ਸੀ ਉਲਟਾ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਗਾਲੀ ਗਲੋਚ ਕਰ ਕੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਰਹੇ ਹਨ।
ਉਨ੍ਹਾਂ ਦਾ ਦੋਸ਼ ਹੈ ਕਿ ਸਿਵਲ ਸਰਜਨ ਦਾ ਰਵੱਈਆ ਉਨ੍ਹਾਂ ਨਾਲ ਬਹੁਤ ਮਾੜਾ ਹੈ ਤੇ ਇਸ ਦੀ ਤੁਰੰਤ ਇੱਥੋਂ ਬਦਲੀ ਕੀਤੀ ਜਾਵੇ।