ਰੂਪਨਗਰ : ਪੰਜਾਬ ਵਿਚ ਵੱਧ ਰਹੇ ਅਪਰਾਧ ਤੇ ਕਾਨੂੰਨ ਪ੍ਰਬੰਧਾਂ ਦੇ ਹਾਲਾਤ ਨੂੰ ਕਾਬੂ ਹੇਠ ਕਰਨ ਲਈ ਪੁਲਿਸ ਪ੍ਰਸ਼ਾਸਨ ਐਕਸ਼ਨ ਮੋਡ ਵਿਚ ਹੈ। ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਵਿਚ ਆਪ੍ਰੇਸ਼ਨ ਸੀਲ ਦੇ ਤਹਿਤ ਵੱਖ-ਵੱਖ ਥਾਵਾਂ ਉਤੇ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਰੂਪਨਗਰ ਦੇ ਘਨੌਲੀ ਬੈਰੀਅਰ ਉਤੇ ਵੀ ਥਾਣਾ ਰੂਪਨਗਰ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਹਿਮਾਚਲ ਵਾਲੇ ਪਾਸਿਓਂ ਆਉਂਦੇ ਜਾਂਦੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਾਕੇ ਉਤੇ ਕਰੀਬ 12 ਪੁਲਿਸ ਮੁਲਾਜ਼ਮ ਮੌਜੂਦ ਸਨ। ਐੱਸਐੱਚਓ ਥਾਣਾ ਸਦਰ ਮੁਖੀ ਦੀ ਅਗਵਾਈ ਹੇਠ ਇਹ ਨਾਕਾ ਲਗਾਇਆ ਗਿਆ ਹੈ। ਹਰ ਆਉਣ ਜਾਣ ਵਾਲੇ ਵ੍ਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਰੀਬ 15 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸੀਲ ਦੇ ਤਹਿਤ ਸੂਬੇ ਭਰ ਦੇ ਕਰੀਬ 10 ਜ਼ਿਲ੍ਹਿਆਂ ਵਿਚ ਪੰਜਾਬ ਅਤੇ ਹਿਮਾਚਲ ਦੇ ਨਾਲ ਲਗਦੀਆਂ ਸਰਹੱਦਾਂ ਅਤੇ ਪੰਜਾਬ ਦੇ ਸ਼ਹਿਰਾਂ ਅੰਦਰ ਅੱਜ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਉੱਤੇ ਨਾਕੇ ਲਗਾਏ ਗਏ ਹਨ।
ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਦਾ ਬਾਰੀਕੀ ਨਾਲ ਜਾਂਚ : ਜਾਣਕਾਰੀ ਦਿੰਦਿਆਂ ਥਾਣਾ ਰੂਪਨਗਰ ਦੇ ਐੱਸਐੱਚਓ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਹਿਮਾਚਲ ਤੇ ਪੰਜਾਬ ਦੀ ਸਰਹੱਦ ਉਤੇ ਇੰਟਰਸਟੇਟ ਨਾਕਾ ਲਾਇਆ ਗਿਆ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ, ਜਾਂ ਹਥਿਆਰਾਂ ਦੀ ਤਸਕਰੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਹਿਮਾਚਲ ਵੱਲੋਂ ਆਉਣ ਵਾਲੇ ਹਰ ਦੋ ਪਹੀਆ ਵਾਹਨ, ਚਾਰ ਪਹੀਆ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਾਕਾ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤਕ ਰਹੇਗਾ।
ਪੰਜਾਬ ਵਿਚ ਸ਼ਾਂਤਮਈ ਮਾਹੌਲ ਕਾਇਮ ਰੱਖਣ ਲਈ ਚਲਾਈ ਮੁਹਿੰਮ : ਇਸ ਆਪ੍ਰੇਸ਼ਨ ਦਾ ਮੁੱਖ ਮੰਤਵ ਪੰਜਾਬ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਅਤੇ ਸ਼ਰਾਰਤੀ ਅਨਸਰਾਂ ਅਤੇ ਗੁੰਡਿਆਂ ਉਤੇ ਕਾਬੂ ਪਾਣਾ ਹੈ। ਇਸ ਤੋਂ ਪਹਿਲਾਂ ਵੀ ਸੂਬੇ ਭਰ ਵਿੱਚ ਪੰਜਾਬ ਪੁਲਿਸ ਵੱਲੋਂ ਆਪ੍ਰੇਸ਼ਨ ਈਗਲ ਚਲਾਇਆ ਗਿਆ ਸੀ, ਜਿਸ ਵਿਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਸੀ। ਉਸ ਬਾਬਤ ਜ਼ਿਲ੍ਹਾ ਰੂਪਨਗਰ ਦੇ ਬਲਾਕ ਮੋਰਿੰਡਾ ਦੇ ਵਿੱਚ ਰੂਪਨਗਰ ਪੁਲੀਸ ਵੱਲੋਂ ਛਾਪੇਮਾਰੀ ਕੀਤੀਆਂ ਗਈਆਂ ਸਨ ਅਤੇ ਜ਼ਿਲ੍ਹੇ ਦੇ ਵੱਖ-ਵੱਖ ਹਿਸਿਆਂ ਵਿੱਚ ਨਾਕੇਬੰਦੀ ਕੀਤੀ ਗਈ ਸੀ। ਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਦੀ ਅਗਵਾਈ ਹੇਠਾਂ ਆਪਰੇਸ਼ਨ ਈਗਲ ਕੀਤਾ ਗਿਆ ਸੀ ਅਤੇ ਉਸ ਬਾਅਦ ਅੱਜ ਪੁਲੀਸ ਵੱਲੋਂ ਆਪਰੇਸ਼ਨ ਸੀਲ ਤਹਿਤ ਰੂਪਨਗਰ ਵਿੱਚ ਵੀ ਆਪਰੇਸ਼ਨ ਸੀਲ ਤਹਿਤ ਨਾਕੇਬੰਦੀ ਅਤੇ ਚੈਕਿੰਗ ਕੀਤੀ ਗਈ।