ਰੂਪਨਗਰ: ਕਾਲਜ ਰੋਡ 'ਤੇ ਸਥਿਤ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ 'ਤੇ ਅੱਜ ਸ਼ਾਮ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਉਸ ਨੇ ਮੋਟਰਸਾਈਕਲ 'ਚ ਹੀ ਪੈਟਰੋਲ ਪਾਉਣ ਲਈ ਕਿਹਾ। ਇਸ ਉੱਤੇ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਸਖਸ਼ ਨੇ ਦੂਜੇ ਪਾਸਿਓ ਪੈਟਰੋਲ ਪਵਾਉਣ ਦੀ ਗੱਲ ਕਹੀ ਜਿਸ ਦੌਰਾਨ ਬਹਿਸਬਾਜ਼ੀ ਹੋਈ ਅਤੇ ਫਿਰ ਇਹ ਆਪਸੀ ਝੜਪ ਵਿੱਚ ਬਦਲ ਗਈ।
ਜਖਮੀ ਨੌਜਵਾਨ ਨੇ ਲਾਏ ਪੱਗ ਉਤਾਰਨ ਦੇ ਇਲਜ਼ਾਮ: ਹਸਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਮੋਟਰਸਾਇਕਲ ਉੱਤੇ ਪੈਟਰੋਲ ਪਵਾਉਣ ਲਈ ਪੰਪ ਉੱਤੇ ਗਿਆ। ਜਦੋਂ ਪੈਟਰੋਲ ਪੰਪ ਦੇ ਕਰਿੰਦੇ ਨੂੰ ਪੈਟਰੋਲ ਪਾਉਣ ਲਈ ਕਿਹਾ ਤਾਂ ਉਸ ਨੇ ਗ਼ਲ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਉੱਤੇ ਆਪਸ ਵਿੱਚ ਬਹਿਸ ਹੋਈ। ਫੇਰ ਆਸ-ਪਾਸ ਦੇ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ, ਤਾਂ ਅਸੀਂ ਉੱਥੋ ਜਾਣ ਲੱਗੇ, ਪਰ ਪੈਟਰੋਲ ਪੰਪ ਦੇ ਕਰਿੰਦੇ ਨੇ ਪਿੱਛਿਓ ਆ ਕੇ ਸਾਡੇ ਉੱਤੇ ਹਮਲਾ ਕਰ ਦਿੱਤਾ ਅਤੇ ਮੇਰੀ ਪੱਗ ਵੀ ਉਤਾਰ ਦਿੱਤੀ। ਇਸ ਤੋਂ ਬਾਅਦ ਇਹ ਲੜਾਈ ਝੜਪ ਵਿੱਚ ਬਦਲ ਗਈ ਅਤੇ ਉਹ ਜਖਮੀ ਹੋ ਗਿਆ।
ਦੂਜੀ ਧਿਰ ਨੇ ਲਾਈ ਲੁੱਟ ਦੀ ਨੀਅਤ ਦੇ ਇਲਜ਼ਾਮ: ਦੂਜੇ ਪਾਸੇ, ਜਦੋਂ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਕਰਿੰਦੇ ਨਾਲ ਗੱਲਬਾਤ ਕੀਤੀ ਤਾਂ, ਉਸ ਨੇ ਮੋਟਰਸਾਇਕਲ ਸਵਾਰ ਨੌਜਵਾਨਾਂ ਉੱਤੇ ਲੁੱਟ ਦੀ ਨੀਅਤ ਨਾਲ ਆਉਣ ਦੇ ਇਲਜ਼ਾਮ ਲਾਏ। ਉਸ ਨੇ ਕਿਹਾ ਕਿ ਮੋਟਰਸਾਇਕਲ ਉੱਤੇ ਆਏ ਨੌਜਵਾਨਾਂ ਨੂੰ ਕਿਹਾ ਸੀ ਕਿ ਜਿਸ ਸਾਈਡ ਉਹ ਖੜ੍ਹੇ ਹਨ, ਉੱਥੇ ਪੈਟਰੋਲ ਖਤਮ ਹੈ,ਦੂਜੇ ਪਾਸਿਓ ਆ ਕੇ ਪਵਾ ਲਓ, ਜਿਸ ਉੱਤੇ ਨੌਜਵਾਨਾਂ ਨੇ ਕਿਹਾ ਕਿ ਪੈਟਰੋਲ ਪਾਓ, ਨਹੀਂ ਤਾਂ ਅਸੀਂ ਪੈਸੇ ਖੋਹ ਕੇ ਲੈ ਜਾਣੇ ਹਨ। ਇਸੇ ਨੂੰ ਉਨ੍ਹਾਂ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ।
ਉੱਥੇ ਹੀ, ਮੈਨੇਜਰ ਨੇ ਦੱਸਿਆ ਕਿ ਇਸ ਹਮਲੇ 'ਚ ਸਟਾਫ਼ ਮੈਂਬਰ ਸੁਮਿਤ ਕੁਮਾਰ ਦੇ ਸਿਰ 'ਤੇ ਕਿਸੇ ਚੀਜ਼ ਨਾਲ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਜਦੋਂ ਪੰਪ ਦਾ ਸਟਾਫ਼ ਇਕੱਠਾ ਹੋਇਆ, ਤਾਂ ਦੋਵੇਂ ਨੌਜਵਾਨ ਮੋਟਰਸਾਈਕਲ ਉੱਥੇ ਹੀ ਛੱਡ ਕੇ ਭੱਜ ਗਏ। ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਸਟਾਫ਼ ਮੈਂਬਰਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ।