ਰੂਪਨਗਰ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਲੋਕ ਇਸ ਕਾਨੂੰਨ ਨੂੰ ਲੈ ਕੇ ਪ੍ਰਦਰਸ਼ਨ ਤਾਂ ਕਰ ਰਹੇ ਹਨ ਪਰ ਕੁਝ ਪ੍ਰਦਰਸ਼ਨਕਾਰੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਜਿਹਾ ਇੱਕ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਜੇਪੀ ਦੇ ਵਰਕਰ ਇਸ ਕਾਨੂੰਨ ਦੇ ਹੱਕ ਵਿੱਚ ਕੈਪਟਨ ਸਰਕਾਰ ਦੇ ਖ਼ਿਲਾਫ ਡੀਸੀ ਦਫ਼ਤਰ ਮੰਗ ਪੱਤਰ ਦੇਣ ਪਹੁੰਚੇ ਸਨ। ਉਸ ਸਮੇਂ ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਬੀਜੇਪੀ ਵਰਕਰਾਂ ਨੂੰ ਸੀਏਏ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਪਾਏ।
ਦਰਅਸਲ ਰੂਪਨਗਰ ਦੇ ਵਿੱਚ ਬੁੱਧਵਾਰ ਨੂੰ ਬੀਜੇਪੀ ਦੇ ਵਰਕਰਾਂ ਮਹਿਲਾਵਾਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ ਅਤੇ ਕੈਪਟਨ ਸਰਕਾਰ ਨੂੰ ਘੇਰਨਾ ਸੀ। ਪਰ ਵਰਕਰਾਂ ਦੇ ਪੂਰੇ ਇਕੱਠੇ ਨਾ ਹੋਣ ਕਾਰਨ ਇਹ ਪ੍ਰਦਰਸ਼ਨ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਕੁਝ ਬੀਜੇਪੀ ਦੇ ਵਰਕਰ ਇਕੱਠੇ ਹੋ ਕੇ ਡੀਸੀ ਦੇ ਦਫ਼ਤਰ ਵਿੱਚ ਆਪਣਾ ਮੰਗ ਪੱਤਰ ਦੇਣ ਪਹੁੰਚੇ। ਉਸ ਸਮੇਂ ਇਕੱਠੇ ਹੋਏ ਬੀਜੇਪੀ ਦੇ ਵਰਕਰਾਂ ਤੋਂ ਜਦੋਂ ਸੀਏਏ, ਐਨਆਰਸੀ ਬਾਰੇ ਪੁੱਛਿਆ ਗਿਆ ਤਾਂ ਉਹ ਭੱਜਦੇ ਨਜ਼ਰ ਆਏ ਅਤੇ ਕੋਈ ਵੀ ਜਵਾਬ ਨਹੀਂ ਦੇ ਸਕੇ। ਜਦੋਂ ਇਸ ਬਾਰੇ ਰੂਪਨਗਰ ਬੀਜੇਪੀ ਦੇ ਪ੍ਰਧਾਨ ਜਤਿੰਦਰ ਅਟਵਾਲ ਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਲ ਜੋ ਪਹੁੰਚੇ ਹਨ ਉਨ੍ਹਾਂ ਨੂੰ ਖੁਦ ਹੀ ਇਸ ਕਾਨੂੰਨ ਬਾਰੇ ਨਹੀਂ ਪਤਾ ਤਾਂ ਉਹ ਵੀ ਕੋਈ ਠੋਸ ਜਵਾਬ ਦੇਣ ਦੀ ਬਜਾਏ ਗੱਲ ਦਾ ਜਵਾਬ ਗੋਲ ਮੋਲ ਹੀ ਦੇ ਗਏ।