ਰੂਪਨਗਰ: ਪੰਜਾਬ ਦੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਕ ਰਾਹਤ ਵਾਲੀ ਖ਼ਬਰ ਹੈ। ਹੁਣ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਸਰਕਾਰ ਬੀਮਾ ਕਰੇਗੀ। ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਅਧੀਨ ਜੋ ਵੀ ਪੰਜਾਬ ਦਾ ਕਿਸਾਨ ਮੰਡੀਆਂ ਦੇ ਵਿੱਚ ਫ਼ਸਲ ਵੇਚਦਾ ਹੈ ਜਾਂ ਗੰਨਾ ਵੇਚਦਾ ਹੈ ਉਹ ਸਵੈ ਘੋਸ਼ਣਾ ਪੱਤਰ ਦੇ ਅਧੀਨ ਇਸ ਸਕੀਮ ਦਾ ਲਾਭ ਲੈ ਸਕਦਾ ਹੈ।
ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਮੀਡੀਆ ਨੂੰ ਦਿੱਤੀ। ਰੂਪਨਗਰ ਮਾਰਕੀਟ ਕਮੇਟੀ ਦੇ ਅਧਿਕਾਰੀ ਨਿਰਮਲ ਸਿੰਘ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਈਟੀਵੀ ਭਾਰਤ ਨਾਲ ਸਾਂਝੀ ਕੀਤੀ।
ਇਸ ਸਕੀਮ ਦੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਸਕੀਮ ਅਧੀਨ ਮਾਰਕੀਟ ਕਮੇਟੀ ਰੂਪਨਗਰ, ਮੋਰਿੰਡਾ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਰਡ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ।
ਇਹ ਸਕੀਮ ਰਸਮੀ ਤੌਰ ਉੱਤੇ ਅਗਸਤ 2020 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਯੋਜਨਾ ਦੇ ਅਧੀਨ ਘਰ ਦੇ ਮੁਖੀ ਪਤੀ ਪਤਨੀ, ਮਾਤਾ ਪਿਤਾ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਿਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਿਗ ਬੱਚੇ ਆਦਿ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਣਗੇ। ਸਮੂਹ ਕਿਸਾਨ ਵੀਰ ਪੰਜ ਅਗਸਤ ਤੱਕ ਜ਼ਿਲ੍ਹਾ ਰੂਪਨਗਰ ਨਾਲ ਸਬੰਧਿਤ ਮਾਰਕੀਟ ਕਮੇਟੀ ਦਫ਼ਤਰ ਆੜ੍ਹਤੀ ਕੋਲ ਆਪਣੇ ਫਾਰਮ ਜਮ੍ਹਾਂ ਕਰਵਾ ਸਕਦੇ ਹਨ।