ਰੂਪਨਗਰ: ਭਾਰਤ 'ਚ ਇੱਕ ਸਾਲ ਵਿੱਚ 51 ਮੈਰਾਥਨ ਦੌੜਾਂ ਦਾ ਰਿਕਾਰਡ ਕਾਇਮ ਕਰ ਕੇ ਅਵਤਾਰ ਸਿੰਘ ਭਾਟੀਆ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ। ਇਸ ਲਈ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਵੱਲੋਂ ਅਵਤਾਰ ਸਿੰਘ ਭਾਟੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਬਾਰੇ ਡਾ: ਸੁਮੀਤ ਜਾਰੰਗਲ ਨੇ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੌਜਵਾਨਾਂ ਨੂੰ ਤੰਦਰੁਸਤ ਜੀਵਨ ਜਿਉਣ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਤਰ੍ਹਾਂ ਦੇ ਖਿਡਾਰੀ ਸਮਾਜ 'ਚ ਚੰਗਾ ਸੁਨੇਹਾ ਦੇ ਰਹੇ ਹਨ।
ਡਾ: ਸੁਮੀਤ ਜਾਰੰਗਲ ਨੇ ਨੌਜਵਾਨਾਂ ਨੂੰ ਆਪਣੀ ਸਹਿਤ ਪ੍ਰਤੀ ਧਿਆਨ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਉੱਘੇ ਖਿਡਾਰੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਦੌੜਾਕ ਅਵਤਾਰ ਸਿੰਘ ਪਹਿਲਾਂ ਹੀ ਇੰਡੀਆ ਬੁੱਕ ਆਫ ਰਿਕਾਰਡਜ਼, ਨੈਸ਼ਨਲ ਰਿਕਾਰਡ , ਇੰਡੀਆ ਸਟਾਰ ਪਰਾਊਡ ਅਵਾਰਡ 2019 , ਵਰਲਡ ਰਿਕਾਰਡ ਆਫ਼ ਇੰਡੀਆ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਹਨ ਅਤੇ ਜਿੰਮ ਟ੍ਰੇਨਰ, ਸਾਇਕਲਿਸਟ, ਬਾਡੀ ਬਿਲਡਿੰਗ ਦੇ ਤੌਰ ਤੇ ਵੀ ਨੌਵਾਨਾਂ ਨੂੰ ਟ੍ਰੇਨਿੰਗ ਦੇ ਕੇ ਸਿਹਤ ਸੰਭਾਲ ਸਬੰਧੀ ਪ੍ਰੇਰਿਤ ਕਰ ਰਹੇ ਹਨ।