ਅਨੰਦਪੁਰ ਸਾਹਿਬ: ਪੰਜਾਬ ਪੁਲਿਸ ਵੱਲੋਂ ਹਰ ਸਾਲ 15 ਅਕਤੂਬਰ ਤੋਂ ਲੈ ਕੇ ਪਹਿਲੀ ਨਵੰਬਰ ਤੱਕ ਪੁਲਿਸ ਜਵਾਨਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਸ਼ਹੀਦੀਆਂ ਦੇ ਮੱਦੇਨਜ਼ਰ ਸ਼ਹੀਦੀ ਹਫ਼ਤਾ ਮਨਾਇਆ ਜਾਂਦਾ ਹੈ, ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਅਨੰਦਪੁਰ ਸਾਹਿਬ ਵਿੱਚ ਪੁਲਿਸ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਐਸਐਸਪੀ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਤਵਾਰ ਨੂੰ ਸ਼ਹਿਰ ਵਿੱਚ ਇੱਕ ਸਾਈਕਲ ਰੈਲੀ ਕੱਢੀ। ਇਸ ਸਾਈਕਲ ਰੈਲੀ ਲਈ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਜਿੱਥੇ ਪੰਜਾਬ ਪੁਲਿਸ ਦੇ ਜਵਾਨ ਇਸ ਰੈਲੀ ਵਿੱਚ ਹਿੱਸਾ ਲੈਣ ਲਈ ਪੁੱਜੇ, ਉਥੇ ਹੀ ਖਾਸ ਤੌਰ 'ਤੇ ਸ੍ਰੀ ਆਨੰਦਪੁਰ ਸਾਹਿਬ ਦੀਆਂ ਵੱਖ-ਵੱਖ ਸਾਈਕਲ ਐਸੋਸੀਏਸ਼ਨਾਂ ਅਤੇ ਸ੍ਰੀ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਨੌਜਵਾਨ ਵਿਦਿਆਰਥੀ ਵੀ ਇਸ ਸਾਈਕਲ ਰੈਲੀ ਵਿੱਚ ਭਾਗ ਲੈਣ ਦੇ ਲਈ ਵਿਸ਼ੇਸ਼ ਤੌਰ 'ਤੇ ਪੁੱਜੇ।
ਇਸ ਮੌਕੇ ਐਸਐਚਓ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਰੈਲੀ ਪੰਜਾਬ ਪੁਲਿਸ ਦੇ ਜਵਾਨਾਂ ਜੋ ਡਿਊਟੀ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ, ਨੂੰ ਹਰ ਵਾਰ ਦੀ ਤਰ੍ਹਾਂ ਸ਼ਰਧਾਂਜਲੀ ਦੇਣ ਲਈ ਕੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਰੈਲੀ ਸ੍ਰੀ ਅਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਤੋਂ ਸ਼ੁਰੂ ਹੋ ਕੇ ਕੀਰਤਪੁਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਈ।