ਰੂਪਨਗਰ: ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ 31 ਮਈ ਤੱਕ ਤਾਲਾਬੰਦੀ ਜਾਰੀ ਹੈ। ਦੂਜੇ ਪਾਸੇ, ਝੋਨੇ ਦੀ ਬਿਜਾਈ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ ਪਰ ਪੰਜਾਬ ਵਿੱਚ ਮੌਜੂਦ ਜ਼ਿਆਦਾਤਰ ਪਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਵਾਪਸ ਪਰਤ ਗਈ ਹੈ ਜਿਸ ਕਾਰਨ ਝੋਨੇ ਦੀ ਬਿਜਾਈ ਕਰਨਾ ਕਿਸਾਨਾਂ ਲਈ ਵੱਡੀ ਚੁਣੌਤੀ ਬਣ ਗਈ ਹੈ। ਇਨ੍ਹਾਂ ਸਭ ਮਸਲਿਆਂ 'ਤੇ ਈਟੀਵੀ ਭਾਰਤ ਦੀ ਟੀਮ ਨੇ ਰੂਪਨਗਰ ਦੇ ਖੇਤੀਬਾੜੀ ਅਫ਼ਸਰ ਰਾਕੇਸ਼ ਸ਼ਰਮਾ ਨਾਲ ਖਾਸ ਵਿਚਾਰ ਚਰਚਾ ਕੀਤੀ।
ਖੇਤੀਬਾੜੀ ਅਫ਼ਸਰ ਰਾਕੇਸ਼ ਸ਼ਰਮਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਕਿਸਾਨ ਇਸ ਵਾਰ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਬਿਜਾਈ ਕਰਨ ਵਿੱਚ ਪ੍ਰੇਸ਼ਾਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਵੀ ਘੱਟਦਾ ਜਾ ਰਿਹਾ ਹੈ ਪਰ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਵੀ ਕਾਫੀ ਪਾਣੀ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ, ਮਜ਼ਦੂਰਾਂ ਦੀ ਛੋਟ ਹੈ। ਸੋ, ਕਿਸਾਨ ਵੀਰ ਇਸ ਵਾਰ ਪੰਜਾਬ ਵਿੱਚ ਝੋਨੇ ਦੀ ਬਿਜਾਈ ਸਿੱਧੀ ਕਰਨ।
ਖੇਤੀਬਾੜੀ ਮਾਹਿਰ ਨੇ ਕਿਹਾ ਕਿ ਝੋਨੇ ਦੀ ਬਿਜਾਈ ਕਰਨ ਤੋਂ ਪਹਿਲਾਂ ਉਹ ਆਪਣੇ ਖੇਤਾਂ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਉਸ ਦਾ ਲੇਜ਼ਰ ਮਸ਼ੀਨਾਂ ਨਾਲ ਲੈਵਲ ਕਰਨ ਤੋਂ ਬਾਅਦ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ। ਇਸ ਤਕਨੀਕ ਨਾਲ ਖੇਤਾਂ ਵਿੱਚ ਪਾਣੀ ਜਮ੍ਹਾਂ ਕਰਨ ਦੀ ਲੋੜ ਨਹੀਂ ਪੈਂਦੀ। ਨਰਮ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋ ਜਾਂਦੀ ਹੈ। ਸਿਰਫ ਖੇਤਾਂ ਵਿੱਚ ਬਿਜਾਈ ਤੋਂ ਬਾਅਦ ਨਦੀਨਾਂ ਦੀ ਸਮੱਸਿਆ ਕਿਸਾਨਾਂ ਨੂੰ ਆਵੇਗੀ, ਪਰ ਉਹ ਨਾਲ ਦੀ ਨਾਲ ਨਦੀਨ ਨਾਸ਼ਕ ਦਵਾਈਆਂ ਦੀ ਆਪਣੇ ਖੇਤਾਂ ਵਿੱਚ ਵਰਤੋਂ ਕਰਨ।
ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਵੀਹ ਹਜ਼ਾਰ ਹੇਕਟੇਅਰ ਵਿੱਚ ਝੋਨੇ ਦੀ ਬਿਜਾਈ ਹੋਣੀ ਹੈ, ਪਰ ਇਸ ਵਾਰ ਕਿਸਾਨਾਂ ਦਾ ਜ਼ਿਆਦਾ ਰੁਝਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਹੈ, ਕਿਉਂਕਿ ਇਹ ਨਵੀਂ ਤਕਨੀਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਹਿਲਾਂ ਤੋਂ ਹੀ ਕਾਫੀ ਪ੍ਰਚਲਿਤ ਹੈ। ਖੇਤੀਬਾੜੀ ਅਫਸਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ ਵੀ ਕਿਸਾਨਾਂ ਨੂੰ ਝਾੜ ਸਹੀ ਮਾਤਰਾ ਵਿੱਚ ਪ੍ਰਾਪਤ ਹੁੰਦਾ ਹੈ।
ਮਹਾਂਮਾਰੀ ਦੇ ਚੱਲਦੇ ਪੰਜਾਬ ਵਿੱਚੋਂ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਆਪਣੇ ਜੱਦੀ ਘਰਾਂ ਨੂੰ ਪਰਤ ਗਏ ਹਨ। ਅਜਿਹੇ ਵਿੱਚ ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਸਮੱਸਿਆ ਆ ਸਕਦੀ ਹੈ, ਪਰ ਖੇਤੀਬਾੜੀ ਮਹਿਕਮਾ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕਰ ਰਿਹਾ ਹੈ ਜਿਸ ਨਾਲ ਜਿੱਥੇ ਪਾਣੀ ਦੀ ਬੱਚਤ ਹੋਵੇਗੀ, ਉੱਥੇ ਹੀ ਮਜ਼ਦੂਰ ਦਾ ਖ਼ਰਚਾ ਵੀ ਬੱਚੇਗਾ।
ਇਹ ਵੀ ਪੜ੍ਹੋ: 'ਥਾਲੀ 'ਚ ਨਹੀਂ ਠੇਲਿਆਂ 'ਤੇ ਰਹਿ ਗਈਆਂ ਸਬਜ਼ੀਆਂ'