ਰੋਪੜ: ਬੀਤੇ ਦਿਨ ਰੋਪੜ ਵਿੱਚ ਕਤਲ ਕੀਤੇ ਗਏ ਕਾਂਗਰਸੀ ਕੌਂਸਲਰ ਦੇ ਦਿਓਰ ਪੁਨੀਤ ਦੀ ਲਾਸ਼ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਮਿੰਨੀ ਸਕੱਤਰੇਤ ਐਸਐਸਪੀ ਦਫ਼ਤਰ ਦੇ ਬਾਹਰ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਰਹੇ। ਉਨ੍ਹਾਂ ਦੇ ਨਾਲ ਕਲੋਨੀ ਦੇ ਰਿਸ਼ਤੇਦਾਰ ਅਤੇ ਵਸਨੀਕ ਵੀ ਮੌਜੂਦ ਸਨ ਅਤੇ ਉਹ ਮ੍ਰਿਤਕ ਦੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕਰ ਰਹੇ ਸਨ। ਇਸ ਮੌਕੇ ਬਰਿੰਦਰ ਸਿੰਘ ਢਿੱਲੋਂ ਨੇ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ।
ਉਨ੍ਹਾਂ ਮੰਗ ਕੀਤੀ ਕਿ ਇਸ ਕਤਲ ਦੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਦੇ ਨਾਲ ਹੀ, ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ। ਪਰਿਵਾਰ ਵੱਲੋਂ ਪਹਿਲਾਂ ਤੋਂ ਹੀ ਦਰਜ ਹੋਏ ਕੇਸ ਦੀ ਜਾਂਚ ਕਰਕੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਿਵਾਇਆ ਜਾਵੇ। ਪੁਲਿਸ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਪੁਨੀਤ ਦਾ ਅੰਤਿਮ ਸਸਕਾਰ ਕੀਤਾ।
ਦੱਸ ਦੇਈਏ ਕਿ ਰੋਪੜ ਦੇ ਵਾਰਡ ਨੰਬਰ ਇੱਕ ਵਿੱਚ ਦੋ ਗੁੱਟਾਂ ਦੀ ਆਪਸੀ ਲੜਾਈ ਵਿੱਚ 28 ਸਾਲਾ ਨੌਜਵਾਨ ਪੁਨੀਤ ਦੀ ਮੌਤ ਹੋ ਗਈ ਸੀ ਅਤੇ ਮ੍ਰਿਤਕ ਪੁਨੀਤ ਵਾਰਡ ਦੀ ਕੌਂਸਲਰ ਨੀਲਮ ਦਾ ਦਿਓਰ ਸੀ। ਮ੍ਰਿਤਕ ਦੀ ਭਰਜਾਈ ਨੀਲਮ ਕਾਂਗਰਸ ਪਾਰਟੀ ਨਾਲ ਸਬੰਧਤ ਹੈ, ਜਦਕਿ ਦੂਜਾ ਧੜਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸਬੰਧਤ ਹੈ। ਇਨ੍ਹਾਂ ਦੋਵਾਂ ਗੁੱਟਾਂ ਵਿਚਾਲੇ ਪਹਿਲਾਂ ਵੀ ਕਈ ਵਾਰ ਲੜਾਈ-ਝਗੜੇ ਹੋ ਚੁੱਕੇ ਹਨ ਜਿਸ ਸਬੰਧੀ ਪਹਿਲਾਂ ਵੀ ਕੇਸ ਦਰਜ ਹਨ। ਬੀਤੇ ਦਿਨ ਹੀ ਪੁਲਿਸ ਨੇ ਕੱਲ੍ਹ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
ਇਹ ਵੀ ਪੜ੍ਹੋ: 19 ਨਵੰਬਰ ਨੂੰ ਕਿਸਾਨਾਂ ਵੱਲੋਂ ਮਨਾਇਆ ਜਾਵੇਗਾ ਫਤਿਹ ਦਿਵਸ, ਕਿਸਾਨਾਂ ਵੱਲੋਂ ਹੋਰ ਵੀ ਕਈ ਵੱਡੇ ਐਲਾਨ