ਸ੍ਰੀ ਅਨੰਦਪੁਰ ਸਾਹਿਬ: ਪਿਛਲੇ ਦਿਨੀ ਪਿੰਡ ਬੁਰਜ ਦੇ ਨਜ਼ਦੀਕ ਸਤਲੁਜ ਦਰਿਆ ਕਿਨਾਰੇ ਲੱਗੇ ਕ੍ਰੇਟ ਵਾਲ (ਪੱਥਰਾਂ ਦੇ ਡੰਗੇ ) ਦਾ ਕੁਝ ਹਿੱਸਾ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਧੱਸ ਗਿਆ ਸੀ ਅਤੇ ਬੰਨ੍ਹ ਵਿੱਚ ਪਾੜ ਪੈਣ ਦਾ ਖਤਰਾ ਬਣਿਆ ਹੋਇਆ ਹੈ। ਜਿਸ ਨਾਲ ਇਲਾਕਾ ਨਿਵਾਸੀ ਕਾਫੀ ਪਰੇਸ਼ਾਨ ਹਨ ਅਤੇ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਪੱਕਾ ਬੰਨ੍ਹ ਬਣਾਉਣ ਦੀ ਮੰਗ ਕੀਤੀ ਸੀ ਤਾਂ ਜੋ ਉਨ੍ਹਾਂ ਦੀਆ ਕੀਮਤੀ ਜਮੀਨਾਂ ਦਾ ਬਚਾਵ ਹੋ ਸਕੇ।
ਹਰਕਤ 'ਚ ਆਇਆ ਪ੍ਰਸ਼ਾਸਨ: ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਮਾਈਨਿੰਗ ਵਿਭਾਗ ਦਾ ਜੇ ਈ ਬਹਾਦਰ ਸਿੰਘ ਆਪਣੀ ਨਾਲ ਲੇਬਰ ਲੈਕੇ ਮੌਕੇ 'ਚ ਪਹੁੰਚਿਆ। ਜਿਸ ਵਲੋਂ ਮਿੱਟੀ ਦੀਆਂ ਬੋਰੀਆਂ ਨਾਲ ਨੁਕਸਾਨੇ ਗਏ ਬੰਨ੍ਹ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਕਿਹਾ ਕਿ ਜਲਦ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਕ੍ਰੇਟ ਬਾਲ ਹੇਠੋ ਨੁਕਸਾਨੀ ਗਈ, ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਠੀਕ ਕਰਨ ਲਈ ਪੱਥਰ ਅਤੇ ਮਿੱਟੀ ਪਾਈ ਜਾ ਰਹੀ ਹੈ।
ਪ੍ਰਸ਼ਾਸਨ ਅਨੁਸਾਰ ਫੰਡਾਂ ਦੀ ਘਾਟ: ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਸਵਾ ਨਦੀ ਅਤੇ ਸਤਲੁਜ ਦਰਿਆ ਵਿਚ ਵਾਧੂ ਪਾਣੀ ਆਉਣ ਕਰਕੇ ਦਰਿਆ ਪੂਰੇ ਉਫਾਨ 'ਤੇ ਹੈ ਅਤੇ ਸਾਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਨੁਸਾਰ ਫੰਡਾਂ ਦੀ ਘਾਟ ਕਾਰਨ ਇਹ ਸਮੱਸਿਆ ਆ ਰਹੀ ਹੈ, ਜਿਸ 'ਚ ਉਨ੍ਹਾਂ ਡੀਸੀ ਰੂਪਨਗਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਫੰਡ ਜਾਰੀ ਕੀਤੇ ਜਾਣ ਅਤੇ ਖੁਦ ਆ ਕੇ ਮੌਕਾ ਦੇਖਿਆ ਜਾਵੇ।
ਨਹੀਂ ਪੁੱਜਿਆ ਕੋਈ ਉੱਚ ਅਧਿਕਾਰੀ: ਇਸ ਦੇ ਨਾਲ ਹੀ ਸਥਾਨਕ ਵਾਸੀਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਜਾਨ ਅਤੇ ਜ਼ਮੀਨ ਦਾ ਖਤਰਾ ਰਹਿੰਦਾ ਹੈ। ਜਿਸ 'ਚ ਪ੍ਰਸ਼ਾਸਨ ਹਾਲੇ ਤੱਕ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿ ਸਾਡੀ ਅਪੀਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਆ ਕੇ ਜਾਇਜ਼ਾ ਲੈਣ ਅਤੇ ਇਸ ਕ੍ਰੇਟ ਬਾਲ ਦੇ ਕੰਮ ਨੂੰ ਜਲਦ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਸਾਡੀ ਹਜ਼ਾਰਾਂ ਏਕੜ ਫਸਲ, ਮਕਾਨ, ਪਸ਼ੂ ਆਦਿ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ।
ਖਤਰੇ ਦੇ ਨਿਸ਼ਾਨ ਨਜਦੀਕ ਭਾਖੜਾ ਡੈਮ ਦਾ ਪਾਣੀ: ਇਥੇ ਇਹ ਵੀ ਦੱਸਣਯੋਗ ਹੈ ਕਿ ਪਹਾੜਾਂ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ। ਬੱਦਲ ਫਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਪੰਜਾਬ ਵਿਚ ਹੜ੍ਹ ਨੂੰ ਲੈਕੇ ਖਤਰਾ ਬਣਿਆ ਰਹਿੰਦਾ ਹੈ, ਕਿਉਕਿ ਭਾਖੜਾ ਡੈਮ ਵੀ ਖਤਰੇ ਦੇ ਨਿਸ਼ਾਨ ਨਜਦੀਕ ਪਹੁੰਚ ਰਿਹਾ ਹੈ। ਜਿਸ ਕਾਰਨ ਅਨੰਦਪੁਰ ਸਾਹਿਬ ਦੇ ਹੇਠਲੇ ਇਲਾਕਿਆਂ ਵਿਚ ਭਾਰੀ ਨੁਕਸਾਨ ਦਾ ਮੰਜ਼ਰ ਦੇਖਣ ਨੂੰ ਮਿਲ ਸਕਦਾ ਹੈ।