ਰੂਪਨਗਰ: ਆਮ ਆਦਮੀ ਪਾਰਟੀ ਦੇ ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਬਹੁ ਕਰੋੜੀ ਜ਼ਮੀਨ ਖਰੀਦ ਘੁਟਾਲੇ ਦੀ ਰਕਮ ਨਾਲ ਖਰੀਦੀ ਗਈ ਕਾਰ ਦੀ ਵਰਤੋਂ ਕਰਨ ਦੇ ਮਾਮਲੇ 'ਚ ਵਿਜੀਲੈਂਸ ਦੇ ਰਾਡਾਰ 'ਤੇ ਹਨ। ਮਿਲੀ ਜਾਣਕਾਰੀ ਮੁਤਾਬਿਕ ਐਸਡੀਐਮ ਰੂਪਨਗਰ ਹਰਭਜਨ ਸਿੰਘ ਨੇ ਸੰਦੋਆ ਵੱਲੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ ਕਾਰ ਨੂੰ ਬਲੈਕਲਿਸਟ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਜੋ ਇਨੋਵਾ ਕ੍ਰਿਸਟਾ ਕਾਰ 2020 ਤੋਂ ਵਰਤ ਰਹੇ ਹਨ, ਉਹ ਉਨ੍ਹਾਂ ਦੇ ਸਹੁਰੇ ਮੋਹਨ ਸਿੰਘ ਦੇ ਨਾਂ 'ਤੇ ਹੈ ਅਤੇ ਦੋਸ਼ ਹੈ ਕਿ ਇਸ ਕਾਰ ਨੂੰ ਖਰੀਦਣ ਲਈ 19 ਲੱਖ ਰੁਪਏ ਖਰਚ ਕੀਤੇ ਗਏ ਸਨ। ਉਹ ਪਿੰਡ ਕਰੂਰਾ 'ਚ ਹੋਏ ਕਰੀਬ ਪੰਜ ਕਰੋੜ ਦੇ ਜ਼ਮੀਨ ਖਰੀਦ ਘੁਟਾਲੇ 'ਚ ਇੱਕ ਸ਼ੱਕੀ ਮੁਲਜ਼ਮ ਦੇ ਖਾਤੇ ਤੋਂ ਕਾਰ ਡੀਲਰ ਦੇ ਖਾਤੇ ਵਿੱਚ ਜਮਾ ਹੋਈ ਸੀ। ਜਿਸ ਸਮੇਂ ਇਹ ਕਾਰ ਖਰੀਦੀ ਗਈ ਸੀ ਉਸ ਸਮੇਂ ਸੰਦੋਆ ਰੂਪਨਗਰ ਦੇ ਵਿਧਾਇਕ ਸੀ।
ਸੂਤਰਾਂ ਮੁਤਾਬਿਕ ਵਿਜੀਲੈਂਸ ਨੇ ਜਲੰਧਰ ਦੇ ਰਹਿਣ ਵਾਲੇ ਵਰਿੰਦਰ ਕਮਾਰ ਨੂੰ ਕਾਰ ਦੀ ਪੈਮੇਂਟ ਕਰਵਾਉਣ ਚ ਸ਼ਾਮਲ ਪਾਇਆ ਹੈ। ਇਹ ਵਿਅਕਤੀ ਜ਼ਮੀਨ ਖਰੀਦ ਘੁਟਾਲੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਐਸਡੀਐਮ ਰੂਪਨਗਰ ਹਰਬੰਸ ਸਿੰਘ ਨੇ ਮੰਨਿਆ ਕਿ ਵਿਜੀਲੈਂਸ ਵਿਭਾਗ ਵੱਲੋਂ ਉਨ੍ਹਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਇੱਕ ਕਾਰ ਇਨੋਵਾ ਕ੍ਰਿਸਟਾ ਜਿਸ ਦਾ ਨੰਬਰ ਪੀਬੀ 12 ਏਜੀ 0009 ਹੈ, ਨੂੰ ਬਲੈਕਲਿਸਟ ਕੀਤਾ ਗਿਆ ਹੈ।
ਦੂਜੇ ਪਾਸੇ ਇਸ ਮਾਮਲੇ ਵਿੱਚ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਉਨ੍ਹਾਂ ਦਾ ਫੋਨ ਬੰਦ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।
ਇਹ ਵੀ ਪੜੋ: ਪਰਮਿਟ ਧਾਰਕਾਂ ਵੱਲੋ ਆਰਟੀਓ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ