ਰੋਪੜ: ਪਿਛਲੇ ਦੋ ਦਿਨਾਂ ਦੌਰਾਨ ਰੋਪੜ 'ਚ ਲਗਾਤਾਰ ਸੜਕੀ ਹਾਦਸਿਆਂ ਵਿੱਚ ਇਜ਼ਾਫਾ ਹੋਇਆ ਹੈ। ਰੋਪੜ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਵਿੱਚ ਹੀ ਕਰੀਬ ਤਿੰਨ ਸੜਕੀ ਹਾਦਸੇ ਹੋ ਚੁੱਕੇ ਹਨ। ਜਿਨਾਂ ਵਿੱਚੋਂ ਦੋ ਹਾਦਸਿਆਂ 'ਚ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਹੋਇਆ ਅਤੇ ਇੱਕ ਹਾਦਸੇ 'ਚ ਜਾਨੀ ਨੁਕਸਾਨ ਹੋਇਆ। ਅੱਜ ਵਾਪਰੇ ਪਿੰਡ ਸਰਹਾਣਾ ਨੇੜੇ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਕਾਰ ਨੂੰ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ।
ਨੌਜਵਾਨ ਦੀ ਮੌਤ: ਹਾਦਸੇ ਦਾ ਸ਼ਿਕਾਰ ਹੋੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਹਾਲਤ ਜਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਅੱਗੇ ਰੈਫ਼ਰ ਕੀਤਾ ਗਿਆ ਜਿੱਥੇ ਰਸਤੇ 'ਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਨੌਜਵਾਨ ਨੇ ਦਮ ਤੋੜ ਦਿੱਤਾ। ਇਸ ਤੇਜ਼ ਰਫ਼ਤਾਰ ਕਾਰਨ ਇੱਕ ਹੋਰ ਘਰ ਦਾ ਚਿਰਾਗ ਬੁੱਝ ਗਿਆ। ਇਸ ਨਾਲ ਦੋ ਘਰ ਬਰਬਾਦ ਹੋ ਗਏ।
10 ਦਿਨ ਪਹਿਲਾਂ ਹੋਇਆ ਸੀ ਵਿਆਹ: ਵੱਡੇ ਦੁੱਖ ਦੀ ਗੱਲ ਹੈ ਕਿ ਮ੍ਰਿਤਕ ਨੌਜਵਾਨ ਦਾ ਮਹਿਜ਼ 10 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਸੁਹਰੇ ਘਰ ਆਪਣੀ ਪਤਨੀ ਨੂੰ ਲੈਣ ਜਾ ਰਿਹਾ ਸੀ ਕਿ ਰਸਤੇ ਤੇਜ਼ ਰਫ਼ਥਾਰ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਰੁੜਕੀ ਨੇ ਦੱਸਿਆ ਕਿ ਜਗਦੀਪ ਸਿੰਘ ਦੀ ਸ਼ਾਦੀ ਉਹਨਾਂ ਦੀ ਭਤੀਜੀ ਨਾਲ ਬੜੇ ਚਾਵਾਂ ਮਲ੍ਹਾਰਾਂ ਨਾਲ ਦਸ ਦਿਨ ਪਹਿਲਾਂ ਹੋਈ ਸੀ। ਕਿ ਹਾਦਸੇ ਨੇ ਸਭ ਕੁਝ ਖਤਮ ਕਰ ਦਿੱਤਾ।
ਐਸਐਚਓ ਦਾ ਬਿਆਨ: ਇਸ ਸਬੰਧੀ ਪੁਲਿਸ ਥਾਣਾ ਸਦਰ ਮੋਰਿੰਡਾ ਦੇ ਐਸਐਚਓ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਟੱਪਰੀਆਂ ਜੋ ਕਿ ਜ਼ਿਲ੍ਹਾ ਮੋਹਾਲੀ ਆਪਣੇ ਸਹੁਰੇ ਘਰ ਪਿੰਡ ਰੁੜਕੀ ਹੀਰਾਂ ਵਿਖੇ ਆਪਣੀ ਪਤਨੀ ਨੂੰ ਲੈਣ ਲਈ ਜਾ ਰਿਹਾ ਸੀ ਕਿ ਉਸ ਦੀ ਵਰਨਾ ਕਾਰ ਬੇਕਾਬੂ ਹੋ ਕੇ ਇੱਕ ਦਰੱਖਤ ਵਿੱਚ ਜਾ ਵੱਜੀ। ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਉਹਨਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੋਪੜ ਭੇਜ ਦਿੱਤੀ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।