ਰੋਪੜ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਵਿੱਚ ਲੌਕਡਾਊਨ ਕੀਤਾ ਗਿਆ ਹੈ। ਮਹਾਂਮਾਰੀ ਤੋਂ ਲੋਕਾ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਕਰਫਿਊ ਲਗਾਇਆ ਗਿਆ ਹੈ। ਅਜਿਹੇ 'ਚ ਕੁਝ ਸ਼ਰਾਰਤੀ ਲੋਕ ਸਰਕਾਰੀ ਹੁਕਮ ਜਾਰੀ ਹੋਣ ਤੋਂ ਬਾਅਦ ਵੀ ਸੜਕਾਂ 'ਤੇ ਘੁੰਮਣ ਤੋਂ ਹੱਟ ਨਹੀਂ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਇਸ ਮਹਾਮਾਰੀ ਬਾਰੇ ਜਾਣਕਾਰੀ ਦੇਣ ਲਈ ਛੋਟੇ ਬੱਚੇ ਅੱਗੇ ਆ ਰਹੇ ਹਨ। ਰੋਪੜ ਦੇ ਰਹਿਣ ਵਾਲੇ ਇੱਕ ਪੰਜਵੀਂ ਜਮਾਤ ਦੇ ਵਿਦਿਆਰਥੀ ਸੂਰਿਆਂਸ਼ ਨੇ ਡਰਾਇੰਗ ਦੇ ਮਾਧਿਅਮ ਨਾਲ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। 11 ਸਾਲਾ ਸੂਰਿਆਂਸ਼ ਨੇ ਆਪਣੀ ਡਰਾਇੰਗ 'ਚ ਭਾਰਤ ਦਾ ਨਕਸ਼ਾ ਬਣਾਇਆ ਹੈ। ਉਸ ਨੇ ਆਪਣੀ ਡਰਾਇੰਗ 'ਚ ਵਿਖਾਇਆ ਹੈ ਕਿ ਕੋਰੋਨਾ ਵਾਇਰਸ ਭਾਰਤ ਨੂੰ ਆਪਣੀ ਚਪੇਟ 'ਚ ਲੈ ਰਿਹਾ ਹੈ, ਡਾਕਟਰ ਤੇ ਆਰਮੀ ਵਾਲੇ ਇਸ ਤੋਂ ਦੇਸ਼ ਨੂੰ ਬਚਾ ਰਹੇ ਹਨ ਪਰ ਕੁੱਝ ਸ਼ਰਾਰਤੀ ਲੋਕ ਇਸ ਚੈਨ ਨੂੰ ਵੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਡਰਾਇੰਗ ਦੇ ਜ਼ਰੀਏ ਵਿਦਿਆਰਥੀ ਨੇ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਸਮਝਾਇਆ ਜਾਵੇ ਕਿ ਕੋਰੋਨਾ ਤੋਂ ਬਚਣ ਲਈ ਸਰਕਾਰ ਨੇ ਜੋ ਵੀ ਨਿਯਮ ਬਣਾਏ ਹਨ ਉਸ ਦਾ ਪਾਲਣ ਕਰਨਾ ਕਿੰਨਾ ਜ਼ਰੂਰੀ ਹੈ।