ਪਟਿਆਲਾ : ਬੀਤੇ ਦਿਨੀਂ ਭਾਦਸੋਂ ਨੇੜਲੇ ਪਿੰਡ ਮਟੋਰੜਾ ਦੇ ਇੱਕ ਬੱਚੇ ਦੇ ਅਗਵਾ ਹੋਣ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡਿਓ ਦੇ ਮਾਮਲੇ ਦੀ ਪਟਿਆਲਾ ਪੁਲਿਸ ਵੱਲੋਂ ਕੀਤੀ ਤਫਤੀਸ਼ ਦੌਰਾਨ ਅਗਵਾ ਦੀ ਇਹ ਘਟਨਾ ਝੂਠੀ ਸਾਬਤ ਹੋਣ ਕਾਰਨ ਪਿੰਡ ਮਟੋਰੜਾ ਦੇ ਦੋ ਵਿਅਕਤੀਆਂ ਬਲਬੀਰ ਸਿੰਘ ਸਪੁੱਤਰ ਦਲੀਪ ਸਿੰਘ ਅਤੇ ਸਤਗੁਰ ਸਿੰਘ ਪੁੱਤਰ ਗੁਰਮੇਲ ਸਿੰਘ ਵਿਰੁੱਧ ਥਾਣਾ ਭਾਦਸੋਂ ਵਿਖੇ ਮੁਕਦਮਾ ਦਰਜ਼ ਕੀਤਾ ਗਿਆ ਹੈ ਅਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਇਸ ਘਟਨਾ ਬਾਰੇ ਵੇਰਵਾ ਦਿੰਦਿਆ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ 'ਤੇ ਡੀਐੱਸਪੀ ਨਾਭਾ ਅਤੇ ਐੱਸਐੱਚਓ ਭਾਦਸੋਂ ਵੱਲੋਂ ਇਸ ਮਾਮਲੇ ਦੀ ਜਦੋਂ ਡੂੰਘਾਈ ਨਾਲ ਤਫਤੀਸ਼ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਦੀ ਪਰਵਾਸੀ ਮਜ਼ਦੂਰਾਂ ਨਾਲ ਆਪਸੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ।
ਮਜ਼ਦੂਰਾਂ ਨੂੰ ਫਸਾਉਣ ਦੀ ਨੀਅਤ ਨਾਲ ਕਥਿਤ ਦੋਸ਼ੀ ਬਲਬੀਰ ਸਿੰਘ ਅਤੇ ਸਤਗੁਰ ਸਿੰਘ ਨੇ ਬਲਬੀਰ ਸਿੰਘ ਦੇ ਪੁੱਤਰ ਤੋਂ ਇਹ ਦੋਸ਼ ਲਗਵਾਏ ਕਿ ਉਸ ਨੂੰ ਪਰਵਾਸੀ ਮਜ਼ਦੂਰਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੀ ਵੀਡਿਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਐੱਸਐੱਸਪੀ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਅਗਵਾ ਦੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਸਗੋਂ ਦੋਸ਼ੀਆਂ ਨੇ ਝਗੜੇ ਨੂੰ ਛੁਪਾਉਣ ਲਈ ਇਸ ਛੋਟੇ ਬੱਚੇ ਦੀ ਵਰਤੋਂ ਕਰਕੇ ਇੱਕ ਮਨਘੜਤ ਕਹਾਣੀ ਘੜ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ।
ਐੱਸਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਅਜਿਹੀਆਂ ਅਫਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕਰਨ ਕਿਉਂਕਿ ਅਜਿਹੀਆਂ ਅਫ਼ਵਾਹਾਂ ਨਾਲ ਸਮਾਜ ਵਿੱਚ ਡਰ ਤੇ ਬੇਚੈਨੀ ਦਾ ਮਾਹੌਲ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੱਥਕੰਡੇ ਅਪਨਾਉਣ ਵਾਲਿਆਂ ਨਾਲ ਸ਼ਖਤੀ ਨਾਲ ਨਿਪਟਿਆ ਜਾਵੇਗਾ।